ਸੰਸਦ ਵੱਲੋਂ 484 ਅਰਬ ਡਾਲਰ ਦੇ ਪੈਕੇਜ਼ ਨੂੰ ਪ੍ਰਵਾਨਗੀ
ਨਿਊਯਾਰਕ ਵਿਚ ਨਵੇਂ ਮਰੀਜ਼ ਤੇਜੀ ਨਾਲ ਵਧੇ
ਵਾਸ਼ਿੰਗਟਨ 24 ਅਪ੍ਰੈਲ (ਹੁਸਨ ਲੜੋਆ ਬੰਗਾ)– ਕੋਰੋਨਾਵਾਇਰਸ ਕਾਰਨ ਪ੍ਰਭਾਵਿਤ ਹੋਏ ਕਾਰੋਬਾਰੀਆਂ ਤੇ ਹੋਰ ਲੋਕਾਂ ਨੂੰ ਰਾਹਤ ਦੇਣ ਲਈ ਸੰਸਦ ਵੱਲੋਂ 484 ਅਰਬ ਡਾਲਰ ਦੇ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਅਮਰੀਕਾ ਵਿਚ ਕੋਰੋਨਾਵਾਇਰਸ ਮਹਾਮਾਰੀ ਨਾਲ ਮੌਤਾਂ ਦੀ ਗਿਣਤੀ 50243 ਹੋ ਗਈ ਹੈ ਜਦ ਕਿ ਬਿਮਾਰ ਲੋਕਾਂ ਦੀ ਗਿਣਤੀ 886709 ਹੈ। ਸਰਗਰਮ ਮਾਮਲਿਆਂ ਦੀ ਗਿਣਤੀ 7,50,284 ਹੈ। ਹਾਲਾਂ ਕਿ 85922 ਬਿਮਾਰ ਠੀਕ ਵੀ ਹੋਏ ਹਨ ਪਰ ਨਵੇਂ ਮਾਮਲੇ ਆਉਣੇ ਬੰਦ ਨਹੀਂ ਹੋਏ ਜਿਸ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸੂਬੇ ਨਿਊਯਾਰਕ ਵਿਚ 20861 ਮੌਤਾਂ ਹੋ ਚੁੱਕੀਆਂ ਹਨ। ਨਿਊਜਰਸੀ 5428 ਮੌਤਾਂ ਨਾਲ ਦੂਸਰੇ ਸਥਾਨ ‘ਤੇ ਹੈ। ਮਿਸ਼ੀਗਨ ਤੀਸਰੇ ਸਥਾਨ ‘ਤੇ ਜਿਥੇ ਹੁਣ ਤੱਕ 2977 ਅਮਰੀਕੀ ਮੌਤ ਦੇ ਮੂੰਹ ਵਿਚ ਜਾ ਪਏ ਹਨ।
484 ਅਰਬ ਦਾ ਬਿੱਲ ਪ੍ਰਵਾਨ:
ਇਸੇ ਦੌਰਾਨ ਸੰਸਦ ਨੇ 484 ਅਰਬ ਡਾਲਰ ਦੇ ਬਿੱਲ ਨੂੰ ਪ੍ਰਵਾਨ ਕਰਕੇ ਰਾਸ਼ਟਰਪਤੀ ਟਰੰਪ ਦੀ ਪ੍ਰਵਾਨਗੀ ਲਈ ਭੇਜ ਦਿੱਤਾ ਹੈ। ਇਸ ਪੈਸੇ ਨਾਲ ਛੋਟੇ ਕਾਰੋਬਾਰੀਆਂ, ਉਨਾਂ ਨਾਲ ਜੁੜੇ ਕਾਮਿਆਂ , ਹਸਪਤਾਲਾਂ ਤੇ ਹੋਰ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ। ਬਿੱਲ ਦੇ ਹੱਕ ਵਿਚ 388 ਵੋਟਾਂ ਪਈਆਂ ਜਦ ਕਿ 5 ਵਿਰੁੱਧ ਵੋਟਾਂ ਪਈਆਂ। 4 ਰਿਪਬਲੀਕਨ ਸੰਸਦ ਮੈਂਬਰਾਂ ਤੇ ਇਕ ਡੈਮੋਕਰੈਟਿਕ ਮੈਂਬਰ ਨੇ ਬਿੱਲ ਦੇ ਵਿਰੁੱਧ ਵੋਟ ਪਾਈ। ਇਹ ਪੈਸਾ ‘ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ’ ਵਿਚ ਜਾਵੇਗਾ ਜਿਸ ਪ੍ਰੋਗਰਾਮ ਵਿਚ ਸ਼ੁਰੂ ‘ਚ 349 ਅਰਬ ਪਾਏ ਗਏ ਸਨ ਜੋ ਖਤਮ ਹੋ ਚੁੱਕੇ ਹਨ।
ਨਿਊਯਾਰਕ ਵਿਚ ਨਵੇਂ ਮਰੀਜਾਂ ਦੀ ਦਰ ਤਕਰੀਬਨ 14% :
ਨਿਊਯਾਰਕ ਵਿਚ ਕੀਤੇ ਗਏ ਟੈਸਟਾਂ ਤੋਂ ਪਤਾ ਲੱਗਾ ਹੈ ਕਿ ਬਹੁਤ ਸਾਰੇ ਹੋਰ ਲੋਕ ਕੋਰੋਨਵਾਇਰਸ ਦੀ ਗ੍ਰਿਫ਼ਤ ਵਿਚ ਆ ਚੁੱਕੇ ਹਨ। ਸਿਹਤ ਅਧਿਕਾਰੀਆਂ ਵੱਲੋਂ ਰਾਜ ਭਰ ਦੇ ਸੋਟਰਾਂ ਤੇ ਹੋਰ ਥਾਵਾਂ ‘ਤੇ ਜਾ ਕੇ ਲੋਕਾਂ ਦੇ ਟੈਸਟ ਕੀਤੇ ਗਏ ਸਨ। ਇਨਾਂ ਵਿਚੋਂ 13.9% ਕੋਰੋਨਾ ਲਾਗ ਨਾਲ ਪ੍ਰਭਾਵਿਤ ਪਾਏ ਗਏ ਹਨ। ਰਾਜ ਵਿਚ ਕੋਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ ਤਕਰੀਬਨ 2,70,000 ਹੋ ਗਈ ਹੈ।
ਏਅਰਲਾਈਨ ਸਨਅਤ ਦਾ ਬੁਰਾ ਹਾਲ:
ਏੇਅਰ ਲਾਈਨ ਸਨਅਤ ਦਾ ਬੁਰਾ ਹਾਲ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ ਸਾਲ ਦੀ ਤੁਲਨਾ ਵਿਚ ਮਾਰਚ ਮਹੀਨੇ ਵਿਚ ਤਕਰੀਬਨ 50% ਮੁਸਾਫਿਰਾਂ ਦੀ ਕਮੀ ਹੋਈ ਹੈ। ਸਾਊਥ ਵੈਸਟ ਏਅਰ ਲਾਈਨ ਨੇ ਲਾਸ ਵਿਗਾਸ ਦੇ ਮੈਕਾਰਨ ਇੰਟਰਨੈਸ਼ਨਲ ਏਅਰਪੋਰਟ ਤੋਂ ਮਾਰਚ 2019 ਵਿਚ 10 ਲੱਖ 60 ਹਜਾਰ ਯਾਤਰੀਆਂ ਦੀ ਢੋਆ ਢੁਆਈ ਕੀਤੀ ਸੀ ਜੋ ਪਿਛਲੇ ਮਹੀਨੇ ਮਾਰਚ 2020 ਜਦੋਂ ਕੋਰੋਨਾ ਫੈਲ ਰਿਹਾ ਸੀ, ਘਟ ਕੇ 6,06,650 ਰਹਿ ਗਈ। ਕੰਪਨੀ ਦਾ ਕਹਿਣਾ ਹੈ ਕਿ ਮਈ ਵਿਚ ਉਹ ਰੋਜਾਨਾ ਕੇਵਲ 2000 ਉਡਾਣਾਂ ਭਰੇਗੀ ਜੋ ਕਿ ਆਮ ਨਾਲੋਂ 40% ਉਡਾਣਾਂ ਘੱਟ ਹਨ।
ਵਿਸ਼ਵ ਸਿਹਤ ਸੰਗਠਨ ਵਲੋਂ ਅਮਰੀਕਾ ਨੂੰ ਫੰਡਾਂ ਲਈ ਅਪੀਲ:
ਵਿਸ਼ਵ ਸਿਹਤ ਸੰਗਠਨ (ਡਬਲਯੂ ਐਚ ਓ) ਦੇ ਮੁਖੀ ਜਨਰਲ ਟੇਡਰੋਸ ਅਡਾਨੋਮ ਘੇਬੈਰਯੁਸ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਟਰੰਪ ਪ੍ਰਸ਼ਾਸਨ ਵਿਸ਼ਵ ਸਿਹਤ ਸੰਗਠਨ ਦੇ ਫੰਡਿੰਗ ਮੁਅੱਤਲ ‘ਤੇ ਮੁੜ ਵਿਚਾਰ ਕਰੇਗੀ, ਪਰ ਸਾਡਾ ਮੁੱਖ ਮਕਸਦ ਮਹਾਂਮਾਰੀ ਨੂੰ ਖਤਮ ਕਰਨ ਅਤੇ ਜਾਨਾਂ ਬਚਾਉਣ‘ ਤੇ ਹੈ। ਉਨਾਂ ਕਿਹਾ ਕਿ ਅਫਰੀਕਾ ਤੇ ਮੱਧ ਅਤੇ ਦੱਖਣੀ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਮਹਾਂਮਾਰੀ ਦੇ “ਚਿੰਤਾ ਵਾਲੇ ਰੁਝਾਨ ਹਨ। ਡਬਲਯੂ ਐਚ ਓ ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਘੇਬੈਰਯੁਸ ਨੇ ਕਿਹਾ ਕਿ “ਬਹੁਤੇ ਦੇਸ਼ ਅਜੇ ਵੀ ਮਹਾਂਮਾਰੀ ਦੇ ਮੁਹਰਲੇ ਪੜਾਅ ਵਿਚ ਹਨ ਜੋ ਮਹਾਂਮਾਰੀ ਦੇ ਸ਼ੁਰੂ ਵਿਚ ਵੀ ਪ੍ਰਭਾਵਤ ਹੋਏ ਸਨ, ਮਾਮਲਿਆਂ ਵਿਚ ਮੁੜ ਉੱਭਰਦੇ ਵੇਖ ਰਹੇ ਹਾਂ।”ਕੋਈ ਗਲਤੀ ਨਾ ਕਰੋ ਤੇ ਸਾਡੇ ਕੋਲ ਬਹੁਤ ਲੰਬਾ ਰਸਤਾ ਹੈ ਤੇ ਇਹ ਵਾਇਰਸ ਲੰਬੇ ਸਮੇਂ ਲਈ ਸਾਡੇ ਨਾਲ ਰਹੇਗਾ,” ਉਸਨੇ ਕਿਹਾ ਕਿ ਪੱਛਮੀ ਯੂਰਪ ਵਿੱਚ ਮਹਾਂਮਾਰੀ ਸਥਿਰ ਜਾਂ ਘੱਟਦੀ ਜਾਪਦੀ ਹੈ। ਵਰਨਣਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਹਫਤੇ ਡਬਲਯੂ ਐਚ ਓ ਉਤੇ ਮਹਾਂਮਾਰੀ ਨੂੰ ਸੰਭਾਲਣ ਦੀ ਆਲੋਚਨਾ ਕੀਤੀ ਸੀ ਅਤੇ ਐਲਾਨ ਕੀਤਾ ਸੀ ਕਿ ਉਹ ਡਬਲਯੂ ਐਚ ਓ ਨੂੰ ਫੰਡ ਦੇਣਾ ਬੰਦ ਕਰ ਰਿਹਾ ਹੈ।ਅਮਰੀਕਾ ਦੇ ਸੱਕਤਰ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਦਾ ਇਹ ਵਿਸ਼ਵਾਸ ਹੈ ਕਿ ਚੀਨ ਦੀ ਸੱਤਾਧਾਰੀ ਕਮਿਉਨਿਸਟ ਪਾਰਟੀ ਡਬਲਯੂ ਐਚ ਓ ਨੂੰ ਸਮੇਂ ਸਿਰ ਨਵੇਂ ਕੋਰੋਨਾਵਾਇਰਸ ਦੇ ਫੈਲਣ ਦੀ ਰਿਪੋਰਟ ਕਰਨ ਵਿੱਚ ਅਸਫਲ ਰਹੀ। ਟੇਡਰੋਸ ਨੇ ਕਿਹਾ, “ਮੈਨੂੰ ਉਮੀਦ ਹੈ ਕਿ ਫੰਡ ਦੇਣ ‘ਤੇ ਮੁੜ ਵਿਚਾਰ ਕੀਤਾ ਜਾਵੇਗਾ ਅਤੇ ਅਮਰੀਕਾ ਇਕ ਵਾਰ ਫਿਰ ਡਬਲਯੂ ਐਚ ਓ ਦੇ ਕੰਮ ਦਾ ਸਮਰਥਨ ਕਰੇਗਾ ਅਤੇ ਜਾਨਾਂ ਬਚਾਉਣਾ ਜਾਰੀ ਰੱਖੇਗਾ”।