ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ ਦੀ ਗਿਣਤੀ 22115 ਤੋਂ ਟੱਪੀ

ਰਾਸ਼ਟਰਪਤੀ ਟਰੰਪ ਦੇ ਬਿਲਨੀਅਰ ਦੋਸਤ ਦੀ ਮੌਤ

ਇਕਾਈਆਂ ਬੰਦ ਹੋਣ ਨਾਲ ਮੀਟ ਸਨਅਤ ਖਤਰੇ ‘ਚ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਜੌਹਨਜ਼ ਹੋਪਕਿਨਜ਼ ਯੁਨੀਵਰਸਿਟੀ ਅਨੁਸਾਰ ਕੋਰੋਨਾ ਮਹਾਮਾਰੀ ਕਾਰਨ ਦੇਸ਼ ਵਿਚ 22115 ਤੋਂ ਵਧ ਲੋਕ ਮੌਤ ਦੇ ਮੂੰਹ ਵਿਚ ਜਾ ਪਏ ਹਨ ਤੇ ਇਸ ਬਿਮਾਰੀ ਨਾਲ ਪੀੜਤਾਂ ਦੀ ਗਿਣਤੀ 5,60,433 ਹੋ ਗਈ ਹੈ। ਯੁਨੀਵਰਸਿਟੀ ਅਨੁਸਾਰ ਵਿਸ਼ਵ ਭਰ ਵਿਚ ਹੁਣ ਤੱਕ 1,14,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 18 ਲੱਖ ਲੋਕ ਕੋਰੋਨਾਵਾਇਰਸ ਨਾਲ ਪੀੜਤ ਹਨ ਹਾਲਾਂ ਕਿ 4,21,000 ਲੋਕ ਠੀਕ ਵੀ ਹੋਏ ਹਨ। ਅਮਰੀਕਾ ਵਿਚ ਹੋਰ ਕਾਰੋਬਾਰਾਂ ਦੇ ਨਾਲ -ਨਾਲ ਮੀਟ ਸਨਅਤ ਉਪਰ ਵੀ ਬਹੁਤ ਬੁਰਾ ਅਸਰ ਪਿਆ ਹੈ। ਮੁਲਾਜ਼ਮਾਂ ਦੇ ਬਿਮਾਰ ਪੈ ਜਾਣ ਕਾਰਨ ਇਹ  ਇਕਾਈਆਂ ਵੀ ਬੰਦ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਰਾਸ਼ਟਰਪਤੀ ਟਰੰਪ ਦੇ ਦੋਸਤ ਦੀ ਮੌਤ– ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਅਮੀਰ ਦੋਸਤ ਸਟੇਨਲੀ ਚੇਰਾ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ। ਚੇਰਾ ਦੇ ਨਜ਼ਦੀਕੀ ਸੂਤਰਾਂ ਨੇ ਉਸ ਦੀ ਮੌਤ ਕੋਵਿਡ-19 ਨਾਲ ਹੋਣ ਦੀ ਪੁਸ਼ਟੀ ਕੀਤੀ ਹੈ। ਉਸ ਨੂੰ 24 ਮਾਰਚ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਹ ਨਿਊਯਾਰਕ ਰਾਜ ਦਾ ਪ੍ਰਸਿੱਧ ਰੀਅਲ ਇਸਟੇਟ ਕਾਰੋਬਾਰੀ ਸੀ ਤੇ ਰਿਪਬਲੀਕਨਾਂ ਨੂੰ ਦਿੱਲ ਖੋਲਕੇ ਦਾਨ ਦਿੰਦਾ ਸੀ।  2016 ਤੋਂ 2019 ਤੱਕ ਉਸ ਨੇ ਟਰੰਪ ਨੂੰ 4,02,800 ਡਾਲਰ ਦਾਨ ਵਜੋਂ ਦਿੱਤੇ। ਉਸ ਨੇ ਟਰੰਪ ਦੀ ਜਿੱਤ ਲਈ ਡਟਕੇ ਕੰਮ ਕੀਤਾ। 2019 ਵਿਚ ਗਰੈਂਡ ਰੈਪਿਡਸ ਮਿਸ਼ੀਗਨ ਵਿਚ ਹੋਈ ਇਕ ਰੈਲੀ ਦੌਰਾਨ ਟਰੰਪ ਨੇ ਚੇਰਾ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਭਵਨ ਨਿਰਮਾਤਾ ਤੇ ਰੀਅਲ ਇਸਟੇਟ ਕਾਰੋਬਾਰੀ ਕਰਾਰ ਦਿੱਤਾ ਸੀ। ਮੀਟ ਸਨਅਤ ਖਤਰੇ ਵਿਚ- ਕੋਰੋਨਾਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜਰ ਅਮਰੀਕਾ ਦੀਆਂ ਮੀਟ ਇਕਾਈਆਂ ਬੰਦ ਹੋ ਰਹੀਆਂ ਹਨ ਜਿਸ ਕਾਰਨ ਮੀਟ ਸਨਅਤ ਖਤਰੇ ਵਿਚ ਪੈ ਗਈ ਹੈ ਅਮਰੀਕਾ ਦੀ ਸਭ ਤੋਂ ਵੱਡੀ ਮੀਟ ਇਕਾਈ ਸਮਿਥਫੀਲਡ ਅਗਲੇ ਨੋਟਿਸ ਤੱਕ ਬੰਦ ਕਰ ਦਿੱਤੀ ਗਈ ਹੈ। ਸਮਿਥਫੀਲਡ ਦੇ ਸੀ ਓ ਨੇ ਕਿਹਾ ਹੈ ਕਿ ਇਸ ਇਕਾਈ ਦੇ ਬੰਦ ਹੋਣ ਨਾਲ ਦੇਸ਼ ਵਿਚ ਮੀਟ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਮੀਟ ਪ੍ਰਾਸੈਸਰ ਮੁਖੀ ਕੀਨਥ ਸੁਲੀਵਾਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਬੰਦ ਹੋ ਰਹੀਆਂ ਮੀਟ ਇਕਾਈਆਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਜੇਕਰ ਇਹ ਇਕਾਈਆਂ ਛੇਤੀ ਦੁਬਾਰਾ ਨਹੀਂ ਚਲਦੀਆਂ ਤਾਂ ਗਰੋਸਰੀ ਸਟੋਰਾਂ ਵਿਚ ਮੀਟ ਦਾ ਸਟਾਕ ਬਣਾਈ ਰਖਣਾ ਅਸੰਭਵ ਹੋ ਜਾਵੇਗਾ। ਸਿਓਕਸ ਫਾਲਜ਼ (ਦੱਖਣੀ ਡਕੋਤਾ) ਵਿਚ ਸਥਿੱਤੀ ਸਮਿਥਫੀਲਡ ਦੇਸ਼ ਦੇ ਕੁਲ ਮੀਟ ਉਤਪਾਦਨ ਦਾ ਤਕਰੀਬਨ 5% ਪੈਦਾ ਕਰਦੀ ਹੈ ਤੇ ਇਸ ਵਿਚ 3700 ਮੁਲਾਜ਼ਮ ਕੰਮ ਕਰਦੇ ਹਨ। ਇਕਾਈ ਦੇ 240 ਮੁਲਾਜ਼ਮ ਬਿਮਾਰ ਹਨ ਜਿਸ ਕਾਰਨ ਮੇਅਰ ਨੇ ਘਟੋ ਘਟ 2 ਹਫਤੇ ਲਈ ਇਕਾਈ ਬੰਦ ਕਰਨ ਦੀ ਸਿਫਾਰਿਸ਼ ਕੀਤੀ ਸੀ। ਲੋਵਾ ਤੇ ਪੈਨਸਿਲਵੇਨੀਆ ਵਿਚ ਵੀ ਮੁਲਾਜ਼ਮ ਬਿਮਾਰ ਹੋਣ ਕਾਰਨ ਮੀਟ ਇਕਾਈਆਂ ਬੰਦ ਕਰ ਦਿੱਤੀਆਂ ਗਈਆਂ ਹਨ।

Share This :

Leave a Reply