ਇਲਾਜ਼ ਲਈ ਹਾਈਡਰੋਕਸੀਕਲੋਰੋਕੁਈਨ ਦੀ ਵਰਤੋਂ ਵਿਰੁੱਧ ਚਿਤਾਵਨੀ
ਕੈਲੀਫੋਰਨੀਆਂ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 52296 ਹੋ ਗਈ ਹੈ ਜਦ ਕਿ ਪੀੜਤਾਂ ਦੀ ਗਿਣਤੀ 9,25,000 ਹੈ। ਜੌਹਨ ਹੋਪਕਿਨਜ ਯੁਨੀਵਰਸਿਟੀ ਅਨੁਸਾਰ ਪਿਛਲੇ ਦਿਨ 1258 ਮੌਤਾਂ ਹੋਈਆਂ ਜੋ ਕਿ ਪਿਛਲੇ ਤਕਰੀਬਨ 3 ਹਫ਼ਤਿਆਂ ਦੌਰਾਨ ਰੋਜਾਨਾ ਹੋਈਆਂ ਮੌਤਾਂ ਦੀ ਸਭ ਤੋਂ ਘਟ ਗਿਣਤੀ ਹੈ ਉਂਝ ਪਿਛਲੇ 10 ਦਿਨਾਂ ਦੌਰਾਨ ਮੌਤਾਂ ਦੀ ਗਿਣਤੀ ਦੁੱਗਣੀ ਹੈ ਗਈ ਹੈ ਜਦ ਕਿ ਅਪ੍ਰੈਲ ਵਿਚ ਹਰ ਰੋਜ ਔਸਤ ਤਕਰੀਬਨ 2000 ਅਮਰੀਕੀਆਂ ਦੀ ਮੌਤ ਹੋਈ ਹੈ। ਪੀੜਤਾਂ ਦੀ ਗਿਣਤੀ ਵਧ ਹੋ ਸਕਦੀ ਹੈ ਕਿਉਂਕਿ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਖਿਅਤ ਵਰਕਰਾਂ ਤੇ ਮੈਡੀਕਲ ਸਮੱਗਰੀ ਦੀ ਘਾਟ ਕਾਰਨ ਟੈਸਟ ਕਰਨ ਦੀ ਸਮਰੱਥਾ ਸੀਮਿਤ ਹੈ। ਮ੍ਰਿਤਕਾਂ ਦੀ ਗਿਣਤੀ ਵੀ ਵਧ ਹੋ ਸਕਦੀ ਹੈ ਕਿਉਂਕਿ ਜਿਆਦਾਤਰ ਰਾਜਾਂ ਨੇ ਹਸਪਤਾਲਾਂ ਤੇ ਨਰਸਿੰਗ ਕੇਂਦਰਾਂ ਵਿਚ ਮਰੇ ਲੋਕਾਂ ਦੀ ਹੀ ਗਿਣਤੀ ਕੀਤੀ ਹੈ ਤੇ ਘਰਾਂ ਵਿਚ ਮਰੇ ਲੋਕ ਸ਼ਾਮਿਲ ਨਹੀਂ ਕੀਤੇ ਗਏ। 40% ਮੌਤਾਂ ਕੋਰੋਨਾਵਾਇਰਸ ਦਾ ਕੇਂਦਰ ਬਣੇ ਨਿਊਯਾਰਕ ਵਿਚ ਹੋਈਆਂ। ਇਸ ਤੋਂ ਬਾਅਦ ਨਿਊਜਰਸੀ ਤੇ ਮਿਸ਼ੀਗਨ ਦਾ ਸਥਾਨ ਆਉਂਦਾ ਹੈ। ਇਸੇ ਦੌਰਾਨ ‘ਸਟੇਅ ਐਟ ਹੋਮ ਵਿਰੁੱਧ ਪ੍ਰਦਰਸ਼ਨਾਂ ਦਾ ਸਿਲਸਿਲਾ ਵੀ ਜਾਰੀ ਹੈ।
ਕੋਲੋਰਕੁਈਨ ਦਵਾਈ ਸੁਰੱਖਿਅਤ ਜਾਂ ਪ੍ਰਭਾਵੀ ਹੋਣ ਦੇ ਸਬੂਤ ਨਹੀਂ ਮਿਲੇ:
ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ.ਡੀ.ਏ) ਨੇ ਉਨਾਂ ਦੋ ਦਵਾਈਆਂ ਦੀ ਵਰਤੋਂ ਵਿਰੁੱਧ ਚਿਤਾਵਨੀ ਦਿੱਤੀ ਹੈ ਜਿਨਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾਵਾਇਰਸ ਨਾਲ ਲੜਾਈ ਵਿਚ ਸੰਭਾਵੀ ‘ਗੇਮ ਚੇਂਜਰ’ ਕਹਿੰਦੇ ਰਹੇ ਹਨ। ਐਫ ਡੀ ਏ ਨੇ ਕਿਹਾ ਹੈ ਕਿ ਹਸਪਤਾਲਾਂ ਦੇ ਬਾਹਰ ਕੋਵਿਡ-19 ਦੇ ਇਲਾਜ਼ ਲਈ ਜਾਂ ਕਲੀਨੀਕਲ ਟਰਾਇਲ ਵਜੋਂ ਹਾਈਡਰੋਕਸੀਕਲੋਰੋਕੁਈਨ ਜਾਂ ਕੋਲੋਰਕੁਈਨ ਦੀ ਵਰਤੋਂ ਦਿੱਲ ਦੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਹ ਦਿੱਲ ਦੀ ਧੜਕਣ ਨੂੰ ਪ੍ਰਭਾਵਿਤ ਕਰ ਸਕਦੀ ਹੈ ਤੇ ਧੜਕਣ ਨੂੰ ਖਤਰਨਾਕ ਹੱਦ ਤਕ ਵਧਾ ਸਕਦੀ ਹੈ। ਐਫ.ਡੀ.ਏ ਨੇ ਕਿਹਾ ਹੈ ਕਿ ਕੋਵਿਡ-19 ਦੇ ਇਲਾਜ਼ ਲਈ ਹਾਈਡਰੋਕਸੀਕਲੋਰੋਕੁਈਨ ਜਾਂ ਕੋਲੋਰਕੁਈਨ ਦਵਾਈ ਸੁਰੱਖਿਅਤ ਜਾਂ ਪ੍ਰਭਾਵੀ ਹੋਣ ਦੇ ਸਬੂਤ ਨਹੀਂ ਮਿਲੇ ਤੇ ਇਸਦਾ ਕੋਈ ਅਸਰ ਨਹੀਂ ਹੋ ਰਿਹਾ। ਐਫ.ਡੀ.ਏ ਨੇ ਕਿਹਾ ਹੈ ਕਿ ਲੋਕ ਇਸ ਦਵਾਈ ਨੂੰ ਆਨ ਲਾਈਨ ਨਾ ਮੰਗਵਾਉਣ। ਮਾਹਿਰ ਦੀ ਸਲਾਹ ਨਾਲ ਹੀ ਇਸ ਦੀ ਵਰਤੋਂ ਕੀਤੀ ਜਾਵੇ।ਪਤਾ ਹੋਵੇਗਾ ਕਿ ਇਸ ਕੋਲੋਰਕੁਈਨ ਦਵਾਈ ਨੂੰ ਅਮਰੀਕਾ ਨੇ ਭਾਰਤ ਤੋਂ ਵਿਸ਼ੇਸ ਤੌਰ ਤੇ ਆਪਣੇ ਸਿਆਸੀ ਪ੍ਰਭਾਵ ਨਾਲ ਮੰਗਵਾਇਆ ਸੀ ਤੇ ਇਸ ਦੌਰਾਨ ਇਸ ਦੁਆਈ ਲੈਣ ਲਈ ਦੋਨਾਂ ਦੇਸਾਂ ਵਿਚਕਾਰ ਸਿਆਸੀ ਤਲਖੀ ਵੀ ਦੇਖੀ ਗਈ ਸੀ ਪਰ ਇਹ ਦੁਆਈ ਕਿਸੇ ਕੰਮ ਨਹੀਂ ਆਈ ਉਲਟਾ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ.ਡੀ.ਏ) ਨੇ ਕੋਲੋਰਕੁਈਨ ਵਰਤਨ ਤੇ ਜਿਆਦਾ ਨੁਕਸਾਨ ਹੋਣ ਦੀ ਗੱਲ ਆਖੀ ਹੈ।
‘ਸਟੇਅ ਐਟ ਹੋਮ’ ਵਿਰੁੱਧ ਪ੍ਰਦਰਸ਼ਨ ਜਾਰੀ:
ਵਿਸਕਾਨਸਿਨ ਦੀ ਰਾਜਧਾਨੀ ਮੈਡੀਸਨ ਵਿਖੇ ਗਵਰਨਰ ਟੋਨੀ ਐਵਰਜ ਵੱਲੋਂ ਲੋਕਾਂ ਦੇ ਜੀਵਨ ਉਪਰ ਲਾਈਆਂ ਪਾਬੰਦੀਆਂ ਵਿਰੁੱਧ ਹਜਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ‘ਓਪਨ ਅੱਪ’ ਦੇ ਹੱਕ ਵਿਚ ਨਾਹਰੇ ਲਾਏ। ਉਨਾਂ ਨੇ ਡੈਮੋਕਰੈਟਿਕ ਗਵਰਨਰ ਵੱਲੋਂ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਾਰੋਬਾਰ , ਸਕੂਲ ਬੰਦ ਕਰਨ ਤੇ ਲੋਕਾਂ ਨੂੰ ਇਕ ਦੂਸਰੇ ਤੋਂ ਦੂਰ ਰਹਿਣ ਦੇ ਦਿੱਤੇ ਹੁਕਮਾਂ ਵਿਰੁੱਧ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਪ੍ਰਦਰਸ਼ਨਕਾਰੀਆਂ ਵਿਚੋਂ ਕੁਝ ਕੋਲ ਅਸਾਲਟ ਵਰਗੀਆਂ ਰਾਈਫਲਾਂ ਵੀ ਸਨ।
ਰਾਸ਼ਟਰਪਤੀ ਰੋਜ਼ਾਨਾ ਕੋਰੋਨਵਾਇਰਸ ਵਾਰੇ ਬਰੀਫਿੰਗ ਬਦਲਣਗੇ:
ਅੱਜ ਪਹਿਲੀ ਵਾਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਤਰਕਾਰਾਂ ਤੋਂ ਕੋਈ ਪ੍ਰਸ਼ਨ ਲਏ ਬਗੈਰ ਆਪਣੀ ਰੋਜ਼ਾਨਾ ਕੋਰੋਨਵਾਇਰਸ ਟਾਸਕ ਫੋਰਸ ਦੀ ਬਰੀਫਿੰਗ ਕੱਟ ਦਿੱਤੀ। ਸ਼ਾਇਦ ਇਹ ਹਰ ਰੋਜ ਇਹ ਹੀ ਹੋਣ ਜਾ ਰਿਹਾ ਹੈ। ਵਾਈਟ ਹਾਉਸ ਨੇ ਰਾਸ਼ਟਰਪਤੀ ਦੀ ਬਰੀਫਿੰਗ ਨੂੰ ਘਟਾਉਣ ਲਈ ਸੰਖੇਪ ਫਾਰਮੈਟ ਚ ਬਦਲਣ ਬਾਰੇ ਵਿਚਾਰ ਵਟਾਂਦਰੇ ਹੋਏ ਹਨ। ਬ੍ਰੀਫਿੰਗਜ਼ ਅਕਸਰ ਇੱਕ ਘੰਟੇ ਦੀ ਹੁੰਦੀ ਹੈ ਅਤੇ ਟਰੰਪ ਅਤੇ ਰਿਪੋਰਟਰਾਂ ਦਰਮਿਆਨ ਜੁਝਾਰੂ ਸਵਾਲਾਂ ਦੇ ਆਦਾਨ ਪ੍ਰਦਾਨ ਹੁੰਦੇ ਹਨ ਹਨ ਤੇ ਹਰ ਨਿੱਤ ਦਿੱਨ ਪੱਤਰਕਾਰਾਂ ਨਾਲ ਰਾਸਟਰਪਤੀ ਉਲਝੇ ਹੋਏ ਨਜਰ ਆਉਂਦੇ ਹਨ ਬੀਤੇ ਦਿਨ ਟਰੰਪ ਦਾ ਇਹ ਬਿਆਨ ਕਿ ਕੋਰੋਨਵਾਇਰਸ ਨਾਲ ਲੜਨ ਲਈ ਲੋਕਾਂ ਵਿੱਚ ਕੀਟਾਣੂਨਾਸ਼ਕ ਨੂੰ ਟੀਕੇ ਲਾਉਣਾ ਮਦਦਗਾਰ ਹੋਵੇਗਾ ਦੀ ਗੱਲ ਨੁੰ ਲੈ ਕੇ ਜਿਸ ਤਰਾਂ ਉਨਾਂ ਦੀ ਅਲ਼ੋਚਨਾਂ ਹੋਈ ਇਸ ਗੱਲ ਤੋਂ ਰਾਸ਼ਟਰਪਤੀ ਟਰੰਪ ਨਾਰਾਜ਼ ਸਨ। ਖਾਸ ਤੌਰ ਤੇ ਕੀਟਾਣੂਨਾਸ਼ਕ ਤਿਆਰ ਕਰਨ ਵਾਲੀਆਂ ਕੰਪਨੀਆਂ ਵਲੋਂ ਇਸਨੂੰ ਸਿਹਤ ਲਈ ਖਤਰਨਾਕ ਤੇ ਡੈਮੋਕਰੇਟਸ ਵਲੋਂ ਤਿੱਖੀ ਅਲੋਚਨਾ ਕੀਤੀ ਗਈ ਸੀ। ਪਰ ਟਰੰਪ ਨੇ ਸ਼ੁੱਕਰਵਾਰ ਦੇ ਸ਼ੁਰੂ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਦਾਅਵਾ ਕੀਤਾ ਕਿ ਕੀਟਾਣੂਨਾਸ਼ਕ ਬਾਰੇ ਉਨ੍ਹਾਂ ਦਾ ਸੁਝਾਅ ਮਜਾਕ ਵਿੱਚ ਦਿੱਤਾ ਗਿਆ ਬਿਆਨ ਸੀ।