ਅਮਰੀਕਾ ਦੇ ਸਿਹਤ ਸਕੱਤਰ ਨੇ ਅਰਥਾਵਿਵਸਥਾ ਮੁੜ ਖੋਲਣ ਦੀ ਕੀਤੀ ਵਕਾਲਤ

ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ ਦੀ ਰਫ਼ਤਾਰ ਕੁਝ ਮੱਧਮ ਹੋਈ, 820 ਹੋਰ ਮੌਤਾਂ

ਵਾਸ਼ਿੰਗਟਨ 18 ਮਈ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ ਪੀੜਤ 820 ਹੋਰ ਮਰੀਜ ਦਮ ਤੋੜ ਗਏ ਹਨ ਤੇ ਮੌਤਾਂ ਦੀ ਕੁਲ ਗਿਣਤੀ 90978 ਹੋ ਗਈ ਹੈ। ਹਾਲਾਂ ਕਿ ਨਵੀਆਂ ਮੌਤਾਂ ਦੀ ਗਿਣਤੀ ਵੀ ਕਾਫੀ ਹੈ ਪਰ ਪਿਛਲੇ ਇਕ ਮਹੀਨੇ ਦੇ ਵੀ ਵਧ ਸਮੇਂ ਵਿਚ ਇਹ ਸਭ ਤੋਂ ਘਟ ਮੌਤਾਂ ਹੋਈਆਂ ਹਨ। 19891 ਨਵੇਂ ਮਰੀਜ ਹਸਪਤਾਲਾਂ ਵਿਚ ਦਾਖਲ ਕੀਤੇ ਗਏ ਹਨ ਜਿਨਾਂ ਨਾਲ ਪੀੜਤਾਂ ਦੀ ਕੁਲ ਗਿਣਤੀ 15,27,664 ਹੋ ਗਈ ਹੈ। 3,46,389 ਮਰੀਜ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ।
ਅਰਥਵਿਵਸਥਾ ਖੋਲਣ ਦੀ ਵਕਾਲਤ-
ਸਿਹਤ ਤੇ ਮਨੁੱਖੀ ਸੇਵਾਵਾਂ ਬਾਰੇ ਸਕੱਤਰ ਅਲੈਕਸ ਅਜ਼ਰ ਨੇ ਵੱਡੀ ਪੱਧਰ ਉਪਰ ਟੈਸਟਿੰਗ ਸਮੇਤ ਅਰਥਵਿਵਸਥਾ ਮੁੜ ਖੋਲਣ ਦੀ ਵਕਾਲਤ ਕਰਦਿਆਂ ਕਿਹਾ ਹੈ ਕਿ ਹਰ ਚੀਜ ਵੈਕਸੀਨ ਉਪਰ ਨਿਰਭਰ ਨਹੀਂ ਕਰਦੀ। ਉਨਾਂ ਕਿਹਾ ਕਿ ਤਕਰੀਬਨ ਅੱਧੀਆਂ ਕਾਉਂਟੀਆਂ ਵਿਚ ਇਕ ਵੀ ਮੌਤ ਨਹੀਂ ਹੋਈ ਤੇ ਕੋਰੋਨਾਵਾਇਰਸ ਦੇ ਪੁਸ਼ਟੀ ਹੋਏ ਮਾਮਲਿਆਂ ਵਿਚੋਂ 60%  ਕੇਵਲ 2% ਕਾਉਂਟੀਆਂ ਵਿਚ ਹਨ। ਕੁਝ ਰਾਜਾਂ ਜਿਥੇ ਅਰਥਵਿਵਸਥਾ ਪੂਰੀ ਤਰਾਂ  ਖੋਲ ਦਿਤੀ ਗਈ ਹੈ ਵਿਚੋਂ ਬਾਰਾਂ, ਰੈਸਟੋਰੈਂਟਾਂ ਤੇ ਹੋਰ ਜਨਤਿਕ ਥਾਵਾਂ ਉਪਰ ਲੋਕਾਂ ਦੀ ਭੀੜ ਦੀਆਂ ਆ ਰਹੀਆਂ ਤਸਵੀਰਾਂ ਬਾਰੇ ਸਕੱਤਰ ਨੇ ਕਿਹਾ ਕਿ ਲੋਕ ਜੋ ਕਰ ਰਹੇ ਹਨ ਇਹ ਗੈਰਜਿੰਮੇਵਾਰਾਨਾ ਹਰਕਤ ਹੈ। ਇਸ ਤੋਂ ਬਚਿਆ ਜਾਣਾ ਚਾਹੀਦਾ ਹੈ।
ਰਾਸ਼ਟਰਪਤੀ ਦੇ ਸਲਾਹਕਾਰ ਵੱਲੋਂ ਸੀ.ਡੀ.ਸੀ ਦੀ ਸਖਤ ਨਿੰਦਾ-
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੋਟੀ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਬਿਮਾਰੀਆਂ ‘ਤੇ ਨਿਯੰਤਰਣ ਤੇ ਰੋਕਥਾਮ ਬਾਰੇ ਕੇਂਦਰ (ਸੀ.ਡੀ.ਸੀ) ਦੀ ਸਖਤ ਅਲੋਚਨਾ ਕੀਤੀ ਹੈ ਤੇ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਵਾਈਟ ਹਾਊਸ ਵੱਲੋਂ ਕੀਤੇ ਯਤਨਾਂ ਨੂੰ ਉਚਿੱਤ ਕਰਾਰ ਦਿੱਤਾ ਹੈ।

ਗੱਲਬਾਤ ਦੌਰਾਨ ਜਦੋਂ ਪੱਤਰਕਾਰਾਂ ਨੇ ਪੀਟਰ ਨਵਾਰੋ ਨੂੰ ਪੁੱਛਿਆ ਕਿ ਪ੍ਰਸਾਸ਼ਨ ਵੱਲੋਂ ਮੁੜ ਖੋਲਣ ਬਾਰੇ ਜਾਰੀ ਦਿਸ਼ਾ ਨਿਰਦੇਸ਼ਾਂ ਵਿਚ ਵੱਡੀ ਪੱਧਰ ‘ਤੇ ਢਿੱਲ ਦੇਣ ਤੋਂ ਬਾਅਦ ਵੀ ਕੀ ਰਾਸ਼ਟਰਪਤੀ ਦਾ ਸੀ. ਡੀ. ਸੀ ਵਿਚ ਭਰੋਸਾ ਹੈ ਤਾਂ ਉਨਾਂ ਨੇ ਸੀ.ਡੀ.ਸੀ ਵੱਲੋਂ ਆਰੰਭਕ ਪੱਧਰ ‘ਤੇ ਵਾਇਰਸ ਦੇ ਟੈਸਟ ਪ੍ਰਤੀ ਅਪਣਾਏ ਰਵਈਏ ਵੱਲ ਉਂਗਲ ਉਠਾਉਂਦਿਆਂ ਕਿਹਾ ਕਿ ਉਸ ਦੀ ਟੈਸਟਿੰਗ ਪਹੁੰਚ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ। ਉਸ ਨੇ ਟੈਸਟਿੰਗ ਕੇਵਲ ਨੌਕਰਸ਼ਾਹੀ ਤੱਕ ਸੀਮਿਤ ਰਖੀ, ਉਹ ਵੀ ਬਹੁਤ ਖਰਾਬ ਸੀ ਜਿਸ ਨੇ ਸਾਨੂੰ ਪਿੱਛੇ ਵੱਲ ਧੱਕ ਦਿੱਤਾ। ਨਵਾਰੋ ਨੇ ਕਿਹਾ ਕਿ ਜਦੋਂ ਲਾਕਡਾਊਨ ਖਤਮ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨ ਦਾ ਸਮਾਂ ਆਇਆ ਤਾਂ ਓਦੋਂ ਵੀ ਸੀ.ਡੀ.ਸੀ ਦੀ ਪਹੁੰਚ ਠੀਕ ਨਹੀਂ ਰਹੀ। ਉਨਾਂ ਕਿਹਾ ਕਿ ਲਾਕਡਾਊਨ ਦਾ ਮਕਸਦ ਬਿਮਾਰੀ ਨੂੰ ਫੈਲਣ ਤੋਂ ਰੋਕਣਾ ਸੀ ਤੇ ਅਮਰੀਕੀ ਲੋਕਾਂ ਲਈ ਅਹਿਮ ਗੱਲ ਇਹ ਹੈ ਕਿ ਅਰਥਵਿਵਸਥਾ ਖੋਲਣਾ ‘ਜਿੰਦਗੀ ਬਨਾਮ ਨੌਕਰੀਆਂ’ ਦਾ ਸਵਾਲ ਨਹੀਂ ਹੈ। ਉਨਾਂ ਕਿਹਾ ਕਿ ਲਾਕਡਾਊਨ ਕਾਰਨ ਵਧੀਆਂ ਆਰਥਕ ਮੁਸ਼ਕਿਲਾਂ ਦੇ ਸਿੱਟੇ ਵਜੋਂ ਕੋਰੋਨਾ ਦੀ ਤੁਲਨਾ ਵਿਚ ਜਿਆਦਾ ਜਾਨਾਂ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ। ਇਥੇ ਵਰਣਨਯੋਗ ਹੈ ਕਿ ਸੀ.ਡੀ.ਸੀ ਨੇ ਅਰਥ ਵਿਵਸਥਾ ਮੁੜ ਖੋਲਣ ਲਈ ਜਲਦਬਾਜੀ ਨਾ ਕਰਨ ਲਈ ਕਿਹਾ ਸੀ।

Share This :

Leave a Reply