ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ 1297 ਮੌਤਾਂ
ਬੇਰੁਜ਼ਗਾਰਾਂ ਦੀ ਗਿਣਤੀ 4 ਕਰੋੜ ਤੋਂ ਟੱਪੀ
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਟਰੰਪ ਪ੍ਰਸ਼ਾਸਨ ਨੇ ਕੋਰੋਨਾਵਾਇਰਸ ਫੈਲਣ ਨੂੰ ਲੈ ਕੇ ਚੀਨ ਖਿਲਾਫ਼ ਬਦਲੇ ਦੀ ਕਾਰਵਾਈ ਤੇਜ ਕਰਦਿਆਂ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ .ਏ) ਨਾਲ ਸਬੰਧ ਰਖਣ ਵਾਲੇ ਚੀਨ ਦੇ ਵਿਦਿਆਰਥੀਆਂ ਤੇ ਖੋਜ਼ੀਆਂ ਦੇ ਵੀਜ਼ੇ ਰੱਦ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਾਈਟ ਹਾਊਸ ਵੱਲੋਂ ਇਸ ਬਾਰੇ 3 ਸਾਲ ਪਹਿਲਾਂ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਪਰੰਤੂ ਹੁਣ ਚੀਨ ਨੂੰ ਸਜ਼ਾ ਦੇਣ ਦੇ ਮਕਸਦ ਨਾਲ ਇਸ ਉਪਰ ਅਮਲ ਕੀਤਾ ਜਾ ਰਿਹਾ ਹੈ।
ਅਮਰੀਕਾ ਦੇ ਇਸ ਕਦਮ ਨੂੰ ਚੀਨ ਵੱਲੋਂ ਹਾਲ ਹੀ ਵਿਚ ਹਾਂਗਕਾਂਗ ਨੂੰ ਦਬਾਉਣ ਲਈ ਬਣਾਏ ਨਵੇਂ ਕੌਮੀ ਸੁਰੱਖਿਆ ਕਾਨੂੰਨ ਦੇ ਵਿਰੋਧ ਵਜੋਂ ਵੀ ਵੇਖਿਆ ਜਾ ਰਿਹਾ ਹੈ। ਅਮਰੀਕਾ ਵਿਚ 3,60,000 ਚੀਨੀ ਵਿਦਿਆਰਥੀ ਹਨ। ਪਹਿਲੇ ਪੜਾਅ ਵਿਚ ਘਟੋ ਘਟ 3000 ਚੀਨੀ ਵਿਦਿਆਰਥੀ ਪ੍ਰਭਾਵਿਤ ਹੋਣਗੇ। ਵਿਦੇਸ਼ ਵਿਭਾਗ ਤੇ ਕੌਮੀ ਸੁਰੱਖਿਆ ਪ੍ਰੀਸ਼ਦ ਨੇ ਸਰਕਾਰੀ ਪੱਧਰ ‘ਤੇ ਇਸ ਉਪਰ ਕੋਈ ਟਿਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ 1297 ਮੌਤਾਂ:
ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ 1297 ਹੋਰ ਕੋਰੋਨਾ ਪੀੜਤ ਮਰੀਜ਼ ਦਮ ਤੋੜ ਗਏ ਹਨ। ਮੌਤਾਂ ਦੀ ਕੁਲ ਗਿਣਤੀ 1,03,330 ਤੇ ਪੀੜਤਾਂ ਦੀ ਕੁਲ ਗਿਣਤੀ 17,68,461 ਹੋ ਗਈ ਹੈ ਜਿਨ•ਾਂ ਵਿਚ 11,66,406 ਸਰਗਰਮ ਮਾਮਲੇ ਹਨ। 6,02,055 ਮਾਮਲੇ ਬੰਦ ਕਰ ਦਿੱਤੇ ਗਏ ਹਨ ਜਿਨ•ਾਂ ਵਿਚੋਂ 4,98,725 ਮਰੀਜ਼ ਠੀਕ ਹੋਏ ਹਨ। ਇਸ ਤਰਾਂ ਸਿਹਤਮੰਦ ਹੋਣ ਦੀ ਦਰ 83% ਹੈ ਤੇ ਮੌਤ ਦਰ 17% ਹੈ। ਸਿਹਤ ਅਧਿਕਾਰੀਆਂ ਵੱਲੋਂ ਅਗਲੇ ਦਿਨਾਂ ਦੌਰਾਨ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਰਫ਼ਤਾਰ ਤੇਜੀ ਨਾਲ ਵਧਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ।
ਬੇਰੁਜ਼ਗਾਰਾਂ ਦੀ ਫੌਜ ਵੱਡੀ ਹੋਈ:
ਕੋਰੋਨਾ ਮਹਾਮਾਰੀ ਕਾਰਨ ਪ੍ਰਭਾਵਿਤ ਹੋਏ ਕਾਰੋਬਾਰਾਂ ਦੇ ਸਿੱਟੇ ਵਜੋਂ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਕਿਰਤ ਵਿਭਾਗ ਅਨੁਸਾਰ ਪਿਛਲੇ ਹਫਤੇ 21 ਲੱਖ ਹੋਰ ਲੋਕਾਂ ਨੇ ਬੇਰੁਜ਼ਗਾਰੀ ਭੱਤੇ ਉਪਰ ਦਾਅਵਾ ਕੀਤਾ ਹੈ। ਇਸ ਤਰਾਂ ਪਿਛਲੇ 10 ਹਫਤਿਆਂ ਦੌਰਾਨ 4 ਕਰੋੜ ਤੋਂ ਵਧ ਅਮਰੀਕੀ ਬੇਰੁਜ਼ਗਾਰੀ ਭੱਤੇ ਲਈ ਅਰਜੀਆਂ ਦਾਇਰ ਕਰ ਚੁੱਕੇ ਹਨ। ਹਾਲਾਂ ਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਕਾਰੋਬਾਰ ਸ਼ੁਰੂ ਕਰਨ ਦੇ ਯਤਨ ਹੋ ਰਹੇ ਹਨ ਪਰ ਪਾਬੰਦੀਆਂ ਕਾਰਨ ਲੋਕ ਆਮ ਦੀ ਤਰਾਂ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ। ਕੈਲੀਫੋਰਨੀਆ ਦੇ ਸ਼ਹਿਰ ਸੈਨਫਰਾਂਸਿਸਕੋ ਵਿਚ ਘਰਾਂ ਅੰਦਰ ਰਹਿਣ ਦੇ ਹੁਕਮਾਂ ਦੀ ਮਿਆਦ ‘ਚ ਅਣਮਿਥੇ ਸਮੇਂ ਲਈ ਵਾਧਾ ਕਰ ਦਿੱਤਾ ਹੈ। ਨਿਊਯਾਰਕ ਦੇ ਗਵਰਨਰ ਐਂਡਰੀਊ ਕੋਮੋ ਨੇ ਕਾਰੋਬਾਰ ਸਟੋਰਾਂ ਵਿਚ ਦਾਖਲ ਹੋਣ ਲਈ ਮਾਸਕ ਪਹਿਣਨਾ ਲਾਜਮੀ ਕਰ ਦਿੱਤਾ ਹੈ। ਕੋਰੋਨਾ ਮਹਾਮਾਰੀ ਕਾਰਨ 124 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਬੋਸਟਨ ਮੈਰਾਥਾਨ ਰੱਦ ਕਰਨੀ ਪਈ ਹੈ।