ਸੁਨਾਮ ਨੇੜੇ ਸੜਕ ਹਾਦਸੇ ‘ਚ ਜ਼ਖਮੀ ਨੌਜਵਾਨ ਵਿਧਾਇਕ ਅਮਨ ਅਰੋੜਾ ਨੇ ਖੁਦ ਆਪਣੀ ਗੱਡੀ ‘ਚ ਪਹੁੰਚਾਇਆ ਹਸਪਤਾਲ, ਮੌਤ

ਚੰਡੀਗੜ੍ਹ, ਮੀਡੀਆ ਬਿਊਰੋ: ਸੁਨਾਮ- ਮਾਨਸਾ ਮੁੱਖ ਸੜਕ ‘ਤੇ ਪੈਂਦੇ ਪਿੰਡ ਕੋਟੜਾ ਅਮਰੂ ਕੋਲ ਬੁੱਧਵਾਰ ਨੂੰ ਬਾਅਦ ਦੁਪਹਿਰ ਵਾਪਰੇ ਹਾਦਸੇ ‘ਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਮਨਪ੍ਰੀਤ ਸਿੰਘ (31) ਪੁੱਤਰ ਪਾਲ ਸਿੰਘ ਵਾਸੀ ਰਾਜੀਆ ਨੇੜੇ ਧਨੌਲਾ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਆਪਣੇ ਹੋਰ ਸਾਥੀਆਂ ਨਾਲ ਉੱਥੋਂ ਲੰਘ ਰਹੇ ਸਨ ਤਾਂ ਉਨ੍ਹਾਂ ਜ਼ਖਮੀ ਹਾਲਤ ਵਿੱਚ ਡਿੱਗੇ ਨੌਜਵਾਨ ਨੂੰ ਦੇਖ ਕੇ ਤੁਰੰਤ ਆਪਣੀ ਗੱਡੀ ਵਿੱਚ ਲੱਦਕੇ ਸੁਨਾਮ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਲੇਕਿਨ ਡਾਕਟਰਾਂ ਦੇ ਦੱਸਣ ਮੁਤਾਬਿਕ ਉਸ ਸਮੇਂ ਤੱਕ ਮਨਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਸੀ।

ਪੁਲਿਸ ਥਾਣਾ ਚੀਮਾਂ ਵਿੱਚ ਤਾਇਨਾਤ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਰਾਜੀਆ (ਧਨੌਲਾ) ਦਾ ਰਹਿਣ ਵਾਲਾ ਇਕ ਨੌਜਵਾਨ ਮਨਪ੍ਰੀਤ ਸਿੰਘ (31) ਪੁੱਤਰ ਪਾਲ ਸਿੰਘ ਇਕੱਲਾ ਹੀ ਮੋਟਰਸਾਈਕਲ ‘ਤੇ ਚੀਮਾਂ ਮੰਡੀ ਤੋਂ ਸੁਨਾਮ ਵੱਲ ਆ ਰਿਹਾ ਸੀ ਕਿ ਜਿਉਂ ਹੀ ਉਹ ਬਾਅਦ ਦੁਪਹਿਰ ਕਰੀਬ 3 ਕੁ ਵਜੇ ਸੁਨਾਮ ਮਾਨਸਾ ਸੜਕ ‘ਤੇ ਕੋਟੜਾ ਅਮਰੂ ਦੇ ਬੱਸ ਸਟੈਂਡ ਨੇੜੇ ਪਹੁੰਚਿਆ ਤਾਂ ਪਿੱਛੋਂ ਆ ਰਹੀ ਇਕ ਕਾਰ ਉਸ ਵਿਚ ਆ ਵੱਜੀ।ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਮਨਪ੍ਰੀਤ ਸਿੰਘ ਗੰਭੀਰ ਜਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਨਾਮ ਪਹੁੰਚਾਉਣ ਦਾ ਯਤਨ ਕੀਤਾ ਲੇਕਿਨ ਉਹ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਿਆ। ਉਨਾਂ ਕਿਹਾ ਕਿ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਸੁਨਾਮ ਦੀ ਮੋਰਚਰੀ ‘ਚ ਰਖਵਾਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਜੋ ਵੀ ਗੱਲ ਸਾਹਮਣੇ ਆਵੇਗੀ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Share This :

Leave a Reply