ਰੱਸੀ ਨਾਲ ਗਲਾ ਘੁੱਟ ਕੇ ਨੌਜਵਾਨ ਦਾ ਕਤਲ, ਝਾੜੀਆਂ ‘ਚ ਸੁੱਟੀ ਲਾਸ਼, ਪੁਲਿਸ ਕਰਵਾ ਰਹੀ ਹੈ ਲਾਸ਼ ਦੀ ਸ਼ਨਾਖਤ

ਲੁਧਿਆਣਾ , ਮੀਡੀਆ ਬਿਊਰੋ: ਪਲਾਸਟਿਕ ਦੀ ਰੱਸੀ ਨਾਲ 25 ਕੁ ਸਾਲ ਦੇ ਨੌਜਵਾਨ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣ ਦੀ ਘਟਨਾ ਸਾਹਮਣੇ ਆਈ ਹੈ । ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਮੁਲਜ਼ਮ ਨੇ ਨੌਜਵਾਨ ਦੀ ਲਾਸ਼ ਹੰਬੜਾਂ ਰੋਡ ਕਿੰਗਸਟਨ ਰਿਜ਼ੌਰਟ ਦੇ ਲਾਗੇ ਪੈਂਦੀਆਂ ਝਾੜੀਆਂ ਵਿਚ ਸੁੱਟ ਦਿੱਤੀ । ਮੌਕੇ ਤੇ ਪਹੁੰਚੀ ਥਾਣਾ ਪੀਏਯੂ ਦੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ । ਜਾਂਚ ਦੇ ਦੌਰਾਨ ਮ੍ਰਿਤਕ ਕੋਲੋਂ ਕੋਈ ਵੀ ਅਜਿਹਾ ਦਸਤਾਵੇਜ਼ ਨਹੀਂ ਬਰਾਮਦ ਹੋਇਆ ਜਿਸ ਦੇ ਜ਼ਰੀਏ ਉਸ ਪਛਾਣ ਹੋ ਸਕੇ । ਫਿਲਹਾਲ ਪੁਲਿਸ ਨੇ ਸ਼ਨਾਖਤ ਲਈ ਲਾਸ਼ ਮੌਰਚਰੀ ਵਿਚ ਰਖਵਾ ਦਿੱਤੀ ਹੈ ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਦੀਦਾਰ ਸਿੰਘ ਨੇ ਦੱਸਿਆ ਕਿ ਪੁਲਿਸ ਨਾਈਟ ਕਰਫ਼ਿਊ ਦੀ ਗਸ਼ਤ ਕਰਦੀ ਹੋਈ ਸਵੇਰ ਸਾਰ ਨਾਲ ਹੰਬੜਾ ਰੋਡ ਵੱਲ ਜਾ ਰਹੀ ਸੀ । ਇਸੇ ਦੌਰਾਨ ਪੁਲਿਸ ਪਾਰਟੀ ਨੇ ਕਿੰਗਸਟਨ ਰਿਜ਼ੌਰਟ ਦੇ ਲਾਗੇ ਪੈਂਦੀਆਂ ਝਾੜੀਆਂ ਵਿੱਚ ਇਕ ਨੌਜਵਾਨ ਦੀ ਲਾਸ਼ ਦੇਖੀ । ਅਣਪਛਾਤੇ ਵਿਅਕਤੀ ਵੱਲੋਂ ਉਸ ਦੇ ਗਲੇ ਵਿੱਚ ਪਲਾਸਟਿਕ ਦੀ ਰੱਸੀ ਪਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ । ਕਾਰਵਾਈ ਕਰਦਿਆਂ ਪੁਲਿਸ ਨੇ ਲਾਸ਼ ਨੂੰ ਤੁਰੰਤ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜਿਆ। 72 ਘੰਟੇ ਦੀ ਸ਼ਨਾਖਤ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ । ਇਸ ਮਾਮਲੇ ਵਿਚ ਪੁਲਿਸ ਨੇ ਅਣਪਛਾਤੇ ਕਾਤਲਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ।

Share This :

Leave a Reply