ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਇਥੋਂ ਦੀ ਕਿਸਾਨ ਇੰਨਕਲੇਵ ਕਲੋਨੀ ਵਿਖੇ ਅੰਤਰ ਰਾਸ਼ਟਰੀ ਯੋਗਾ ਦਿਵਸ ਬੜੀ ਉਤਸੁਕਤਾ ਨਾਲ ਪੰਤਾਜਲੀ ਯੋਗ ਸੰਮਤੀ, ਵਿਸ਼ਵ ਯੋਗ ਸੰਸਥਾਨ, ਅਰੋਗਿਆ ਭਾਰਤੀ ਵੱਲੋਂ ਸਮੂਹਿਕ ਤੌਰ ਤੇ ਮਨਾਇਆ ਗਿਆ। ਇਸ ਮੌਕੇ ਖ਼ੁਸ਼ਪਾਲ ਚੰਦ ਅਤੇ ਡਾ.ਰਾਜਨ ਕੌਸ਼ਲ ਨੇ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਯੋਗ ਕਿਰਿਆਵਾਂ ਤੇ ਪਰਾਣਾਯਾਮ ਕਰਵਾਇਆ। ਉਨ੍ਹਾਂ ਕਿਹਾ ਕਿ ਅੱਜ ਸਾਰੀ ਦੁਨੀਆਂ ਯੋਗ ਦੇ ਮਹੱਤਵ ਨੂੰ ਸਮਝਦਿਆਂ ਇਸ ਨੂੰ ਅਪਣਾ ਰਹੀ ਹੈ। ਅਸ਼ਵਨੀ ਬਾਂਸਲ ਨੇ ਵਿਸ਼ਵ ਯੋਗ ਦਿਵਸ ਦੇ ਸਾਧਕਾਂ ਨੂੰ ਵਧਾਈ ਦਿੰਦਿਆਂ ਕੇਲੇ ਤੇ ਬਿਸਕੁੱਟਾਂ ਦੀ ਵੰਡ ਕੀਤੀ।
ਇਸੇ ਤਰ੍ਹਾਂ ਇਥੋਂ ਦੇ ਨੇੜਲੇ ਪਿੰਡ ਮਾਨੂੰਪੁਰ ਵਿਖੇ ਐਸ.ਐਮ.ਓ ਡਾ.ਰਵੀ ਦੱਤ ਦੀ ਅਗਵਾਈ ਹੇਠਾਂ ਵਿਸ਼ਵ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਡਾ.ਦੱਤ ਨੇ ਕਿਹਾ ਕਿ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਯੋਗ ਦੇ ਫਾਇਦਿਆਂ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿੰਦਗੀ ਦੀ ਭੱਜ ਦੌੜ ਇੰਨੀ ਵੱਧ ਗਈ ਹੈ ਜਿਸ ਕਾਰਨ ਤਣਾਅ ਤੇ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਹੁੰਦੀਆਂ, ਜਿਨ੍ਹਾਂ ਨੂੰ ਯੋਗ ਦੁਆਰਾ ਸਹੀ ਰੱਖਿਆ ਜਾ ਸਕਦਾ ਹੈ। ਸੁਰਿੰਦਰ ਮਹਿਤਾ ਤੇ ਡਾ.ਗੌਰਵ ਕੁਮਾਰ ਨੇ ਕਿਹਾ ਕਿ ਕਰੋਨਾ ਕਾਲ ਵਿਚ ਅਸੀਂ ਯੋਗ ਅਭਿਆਸ ਕਰਕੇ ਆਪਣੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਿਚ ਵਾਧਾ ਕਰ ਸਕਦੇ ਹਾਂ, ਇਸ ਨਾਲ ਸਾਹ ਸਬੰਧੀ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
ਇਸ ਮੌਕੇ ਡਾ.ਰਾਜਵੀਰ, ਮੰਜੂ ਅਰੋੜਾ, ਸੁਮਨ ਲਤਾ, ਕੰਵਰਪ੍ਰੀਤ ਕੌਰ, ਬੀਨਾ ਰਾਣੀ, ਰਣਜੀਤ ਕੌਰ, ਰੁਪਿੰਦਰ ਕੌਰ, ਜਸਵੀਰ ਕੌਰ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਏ.ਐਸ. ਕਾਲਜ ਫ਼ਾਰ ਵੂਮੈਨ ਅਤੇ ਏ.ਐਸ ਕਾਲਜ ਆਫ਼ ਐਜੂਕੇਸ਼ਨ ਵਿਖੇ ਯੋਗ ਦਿਵਸ ਮਨਾਇਆ ਗਿਆ। ਪਿ੍ਰੰਸੀਪਲ ਡਾ.ਮੀਨੂੰ ਸ਼ਰਮਾ ਨੇ ਕਿਹਾ ਕਿ ਤਣਾਅ ਤੋਂ ਬਾਹਰ ਨਿਕਲਣ ਲਈ ਯੋਗਾ ਤੇ ਮੈਡੀਟੇਸ਼ਨ ਪ੍ਰਭਾਵਸ਼ਾਲੀ ਤਕਨੀਕਾਂ ਮੰਨੀਆਂ ਜਾਂਦੀਆਂ ਹਨ ਤਾਂ ਜੋ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕਾਲਜ ਵਿਖੇ ਅੱਜ ਤੋਂ 27 ਜੂਨ ਤੱਕ ਨਸ਼ਾ ਛੁਡਾਉਣ ਲਈ ਜਾਗਰੂਕਤਾ ਪ੍ਰੋਗਰਾਮ ਦਾ ਅਰੰਭ ਕੀਤਾ ਗਿਆ ਹੈ।