ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਇਥੇ ਭੁਮੱਦੀ ਰੋਡ ਤੇ ਸਥਿਤ ਲਿਨਫੌਕਸ ਕੰਪਨੀ ਦੇ ਸੰਘਰਸ਼ਸ਼ੀਲ ਕਾਮਿਆਂ ਨੇ ਪ੍ਰਬੰਧਕਾਂ ਵੱਲੋਂ ਨਜਾਇਜ਼ ਕੱਟੀ 10 ਦਿਨਾਂ ਦੀ ਕਾਮਿਆਂ ਦੇ ਖਾਤੇ ਵਿਚ ਪਾਉਣ ਦੀ ਥਾਂ ਜਾਣਬੁੱਝ ਕੇ ਖੱਜਲ ਖੁਆਰ ਕਰਨ ਅਤੇ ਉਦਯੋਗਿਕ ਭਲਾਈ ਬੋਰਡ ਮੁਹਾਲੀ ਦੇ ਖਾਤੇ ਵਿਚ ਪਾਉਣ ਖਿਲਾਫ਼ ਰੋਸ ਧਰਨਾ ਦਿੱਤਾ। ਇਸ ਮੌਕੇ ਮਜ਼ਦੂਰ ਯੂਨੀਅਨ ਦੇ ਆਗੂਆਂ ਹਰਿੰਦਰ ਸਿੰਘ, ਸੁਰਿੰਦਰ ਸਿੰਘ, ਚਰਨਜੀਤ ਸਿੰਘ ਅਤੇ ਮਲਕੀਤ ਸਿੰਘ ਨੇ ਪ੍ਰਬੰਧਕਾਂ ਤੇ ਸਬੰਧਤ ਕਿਰਤ ਵਿਭਾਗ ਤੋਂ ਸਮੂਹ ਕਾਮਿਆਂ ਦੀ ਤਨਖਾਹ ਖਾਤਿਆਂ ਵਿਚ ਪਾਉਣ, ਪਿਛਲੇ ਚਾਰ ਮਹੀਨਿਆਂ ਤੋਂ ਨਜਾਇਜ਼ ਸਸਪੈਂਡ ਕਾਮੇ ਬਹਾਲ ਕਰਨ, ਜ਼ਬਰੀ ਬਾਂਡ ਫਾਰਮ ਰੱਦ ਕਰਨ, ਅਦਾਲਤੀ ਕੇਸ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਿਰਤ ਵਿਭਾਗ ਇੰਸਪੈਕਟਰ ਜਸਬੀਰ ਕੌਰ ਨੇ ਜਲਦ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕਿਰਤੀਆਂ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ।
2021-10-14