ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਤੋਂ ਦੁਬਈ ਵਿੱਚ ਲੱਖਾਂ ਪੌਂਡ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਦਿਆਂ ਹੀਥਰੋ ਏਅਰਪੋਰਟ ‘ਤੇ ਗ੍ਰਿਫਤਾਰ ਕੀਤੀ ਗਈ ਇੱਕ ਔਰਤ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ‘ਚ 30 ਸਾਲਾਂ ਦੀ ਭਰਤੀ ਕੰਸਲਟੈਂਟ, ਤਾਰਾ ਹੈਨਲੋਨ ਨੂੰ 5 ਮਿਲੀਅਨ ਡਾਲਰ ਤੋਂ ਵੱਧ ਦੀ ਨਕਦ ਰਾਸ਼ੀ ਨਾਲ ਜੁੜੇ ਤਸ਼ਕਰੀ ਅਪਰਾਧ ਕਾਰਨ 2 ਸਾਲ ਅਤੇ 10 ਮਹੀਨਿਆਂ ਦੀ ਕੈਦ ਹੋਈ ਹੈ। ਤਾਰਾ ਹੈਨਲੋਨ (30) ਨੂੰ ਪਿਛਲੇ ਸਾਲ ਪੰਜ ਸੂਟਕੇਸਾਂ ਵਿੱਚ ਬੰਦ 1.9 ਮਿਲੀਅਨ ਪੌਂਡ ਤੋਂ ਵੱਧ ਦੇ ਨੋਟਾਂ ਨਾਲ ਦੁਬਈ ਲਈ ਉਡਾਣ ਚੜ੍ਹਨ ਦੀ ਕੋਸ਼ਿਸ਼ ਦੌਰਾਨ ਹੀਥਰੋ ਏਅਰਪੋਰਟ ‘ਤੇ ਫੜਿਆ ਗਿਆ ਸੀ। ਚੈਕਿੰਗ ਦੌਰਾਨ ਇਸਨੇ ਇੱਕ ਕਸਟਮ ਅਧਿਕਾਰੀ ਨੂੰ ਦੱਸਿਆ ਕਿ ਉਹ ਕੁੜੀਆਂ ਸਬੰਧੀ ਇੱਕ ਯਾਤਰਾ ‘ਤੇ ਜਾ ਰਹੀ ਹੈ ਜਿਸ ਕਰਕੇ ਉਸਨੂੰ ਸਾਰੇ ਸਮਾਨ ਦੀ ਜ਼ਰੂਰਤ ਸੀ।
ਪਰ ਕਾਰਵਾਈ ਦੌਰਾਨ ਸੂਟਕੇਸਾਂ ਵਿੱਚੋਂ ਨਕਦੀ ਬਰਾਮਦ ਕੀਤੀ ਗਈ। ਹੈਨਲੋਨ ਪਹਿਲਾਂ ਵੀ ਗਰਮੀਆਂ ਵਿਚ ਤਿੰਨ ਯਾਤਰਾਵਾਂ ਦੌਰਾਨ ਦੁਬਈ ਲਈ 3.5 ਮਿਲੀਅਨ ਪੌਂਡ ਦੀ ਸਮੱਗਲਿੰਗ ਕਰ ਚੁੱਕੀ ਸੀ, ਜਿਸ ਬਾਰੇ ਬ੍ਰਿਟਿਸ਼ ਪੁਲਿਸ ਨੂੰ ਅਮੀਰਾਤ ਏਅਰ ਅਧਿਕਾਰੀਆਂ ਦੁਆਰਾ ਦੱਸਿਆ ਗਿਆ। ਇਹ ਮਹਿਲਾ ਨਕਦੀ ਦੀ ਤਸਕਰੀ ਲਈ ਇੱਕ ਯਾਤਰਾ ਲਈ ਤਕਰੀਬਨ 3000 ਪੌਂਡ ਲੈਂਦੀ ਸੀ। ਕੋਰਟ ਅਨੁਸਾਰ ਹੈਨਲੋਨ ਦੁਬਈ ਦੀ ਇੱਕ ਮਿਸ਼ੇਲ ਕਲਾਰਕ ਨਾਮ ਦੀ ਔਰਤ ਤੋਂ ਤਸਕਰੀ ਲਈ ਆਦੇਸ਼ ਲੈ ਰਹੀ ਸੀ, ਜਿਸਨੂੰ ਉਹ ਚਾਰ ਸਾਲ ਪਹਿਲਾਂ ਲੀਡਜ਼ ਵਿੱਚ ਮਿਲੀ ਸੀ।