ਨਿਗੁਣੀ ਤਨਖ਼ਾਹ ਕਾਰਨ ਖ਼ੁਦਕੁਸ਼ੀ ਕਰ ਚੁੱਕੇ ਅਧਿਆਪਕ ਦੀ ਪਤਨੀ ਨੇ ਮੰਗਿਆ ਵਿਧਾਇਕਾਂ ਦੇ ਪੁੱਤਰਾਂ ਵਾਂਗ ‘ਤਰਸ’ ਰੁਜ਼ਗਾਰ

ਚੰਡੀਗੜ੍ਹ (ਮੀਡੀਆ ਬਿਊਰੋ) ਦੋ ਕਰੋੜਪਤੀ ਵਿਧਾਇਕਾਂ ਦੇ ਘਰ ਪੁੱਜੇ ਸਿਆਸੀ ‘ਤਰਸ’ ਰੁਜ਼ਗਾਰ ਨੇ ਸੂਬੇ ਦੇ ਘਰ-ਘਰ ਵਿਚੋਂ ਉੱਠ ਰਹੇ ਅਸਲ ਹੱਕਦਾਰਾਂ ਦੀ ਆਵਾਜ਼ ਨੇ ਮੋਤੀਆਂ ਵਾਲੀ ਸਰਕਾਰ ਨੂੰ ਜਨਤਕ ਕਟਹਿਰੇ ‘ਚ ਲਿਆ ਖੜ੍ਹਾ ਕਰ ਦਿੱਤਾ ਹੈ| ਨਿਗੂਣੀ ਤਨਖ਼ਾਹ ਕਰਕੇ ਬੀਤੀ 21 ਅਪੈ੍ਰਲ ਨੂੰ ਖ਼ੁਦਕੁਸ਼ੀ ਕਰ ਗਏ ਠੇਕਾ ਆਧਾਰਤ ਐੱਸ. ਟੀ. ਆਰ ਵਲੰਟੀਅਰ ਵਿਜੈ ਕੁਮਾਰ ਸ਼ਰਮਾ ਦੀ ਪਤਨੀ ਸਰੋਜ ਬਾਲਾ ਨੇ ਮੁੱਖ ਅਮਰਿੰਦਰ ਸਿੰਘ ਤੋਂ ਵਿਧਾਇਕਾਂ ਦੇ ਪੁੱਤਰਾਂ ਵਾਂਗ ਤਰਸ ਦੇ ਆਧਾਰ ‘ਤੇ ਨੌਕਰੀ ਮੰਗ ਲਈ ਹੈ | ਸਰਕਾਰੀ ਪ੍ਰਾਇਮਰੀ ਸਕੂਲ ਲਾਲਬਾਈ-2 ਵਿਖੇ ਤਾਇਨਾਤ ਵਿਜੈ ਕੁਮਾਰ ਨੂੰ ਸਿਰਫ਼ ਛੇ ਹਜ਼ਾਰ ਤਨਖ਼ਾਹ ਮਿਲਦੀ ਸੀ |

ਦਸ ਵਰਿ੍ਹਆਂ ਦੀ ਕੱਚੀ ਸਰਕਾਰੀ ਨੌਕਰੀ ਵਿਚ ਦੋ ਸੌ ਰੁਪਏ ਦਿਹਾੜੀ ਪੱਲੇ ਪੈਣ ‘ਤੇ ਆਰਥਿਕ ਪ੍ਰੇਸ਼ਾਨੀ ਵਿਚ ਰਹਿੰਦਾ ਸੀ | ਉਸ ਨੇ ਜ਼ਿੰਦਗੀ ਜਿਊਣ ਨਾਲੋਂ ਮੌਤ ਨੂੰ ਜ਼ਿਆਦਾ ਬਿਹਤਰ ਸਮਝਿਆ | ਉਸ ਨੇ ਖ਼ੁਦਕੁਸ਼ੀ ਨੋਟ ‘ਚ ਘੱਟ ਤਨਖ਼ਾਹ ਨੂੰ ਜ਼ਿੰਮੇਵਾਰ ਦੱਸਿਆ ਸੀ | ਉਸ ਨੇ ਖ਼ੁਦਕੁਸ਼ੀ ਨੋਟ ਵਿਚ ਘੱਟ ਤਨਖ਼ਾਹ ‘ਚ ਤਿੰਨ-ਤਿੰਨ ਧੀਆਂ ਦੇ ਪਾਲਣ-ਪੋਸ਼ਣ ਨਾ ਕਰ ਸਕਣ ਦਾ ਦੁਖੜਾ ਸੁਣਾਉਂਦੇ ਲਿਖਿਆ ਸੀ ਕਿ ‘ਉਹ ਹੁਣ ਸਰਕਾਰ ਹੱਥੋਂ ਹਾਰ ਗਿਆ ਹੈ | ਇਸ ਕਰਕੇ ਘਾਤਕ ਕਦਮ ਉਠਾ ਰਿਹਾ ਹੈ |’ ਖ਼ੁਦਕੁਸ਼ੀ ਨੋਟ ਵੀ ਅਸ਼ੋਕ ਦੀ ਬਦਕਿਸਮਤੀ ਵਾਂਗ ਵੱਟੇ ਖਾਤੇ ਹੀ ਪੈ ਗਿਆ |

ਡੈਮੋਕ੍ਰੇਟਿਕ ਟੀਚਰ ਫ਼ਰੰਟ ਨੇ ਪੰਜਾਬ ਸਰਕਾਰ ਤੋਂ ਵਿਜੇ ਕੁਮਾਰ ਦੀ ਮੌਤ ਲਈ ਪਰਿਵਾਰ ਨੂੰ 25 ਲੱਖ ਰੁਪਏ ਮੁਆਵਜ਼ਾ ਤੇ ਘਰ ਦੇ ਇਕ ਜੀਅ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਸੀ, ਜਿਸ ਨੂੰ ਕਿਸੇ ਪੱਖੋਂ ਨਹੀਂ ਗੌਲਿਆ ਗਿਆ | ਹੁਣ ਉਸ ਦੀ ਵਿਧਵਾ ਪਤਨੀ ਲਈ ਨਾਬਾਲਗ ਤਿੰਨ ਧੀਆਂ ਦਾ ਪਾਲਣ-ਪੋਸ਼ਣ ਵੱਡਾ ਸੁਆਲ ਬਣਿਆ ਪਿਆ ਹੈ | ਸਰੋਜ ਬਤੌਰ ਆਸ਼ਾ ਵਰਕਰ ਆਰਜ਼ੀ ਕੰਮ ਕਰਦੀ ਸੀ, ਉੱਥੇ ਸਿਰਫ਼ ਸੱਤ ਅੱਠ ਸੌ ਪ੍ਰਤੀ ਮਹੀਨਾ ਮਿਹਨਤਾਨਾ ਮਿਲਦਾ ਸੀ | ਅੱਜ-ਕੱਲ੍ਹ ਘਰਾਂ ‘ਚ ਰੋਟੀਆਂ ਅਤੇ ਕੰਮ ਕਰਕੇ ਬੱਚੀਆਂ ਦਾ ਢਿੱਡ ਪਾਲਣ ਦੀ ਕੋਸ਼ਿਸ਼ ‘ਚ ਜੁਟੀ ਹੈ | ਸਰੋਜ ਬਾਲਾ ਦਾ ਕਹਿਣਾ ਹੈ ਕਿ ਜਦੋਂ ਸਭ ਦੀਆਂ ਵੋਟਾਂ ਦਾ ਵਜ਼ਨ ਬਰਾਬਰ ਹੈ ਤਾਂ ਨੌਕਰੀਆਂ ਵਿਚ ਵਰਗਾਂ ਅਤੇ ਤਨਖ਼ਾਹਾਂ ਦੇ ਨਾਲ-ਨਾਲ ਭੀੜ ‘ਚ ਘਿਰੇ ਲੋਕਾਂ ਲਈ ਤਰਸ ਵਿਚ ਵਖਰੇਵੇਂ ਕਿਉਂ ਰੱਖੇ ਜਾਂਦੇ ਹਨ |

ਸਰੋਜ ਬਾਲਾ ਦਾ ਇਹ ਵਾਜਬ ਸੁਆਲ ਸਿਸਵਾਂ ਫਾਰਮ ਹਾਊਸ ਦੀਆਂ ਉੱਚੀਆਂ ਸਿਆਸੀ ਕੰਧਾਂ ਦੀ ਅੰਦਰਲੀ ਫ਼ਿਜ਼ਾ ਨੂੰ ਝੰਜੋੜ ਕੇ ਹੱਕਦਾਰਾਂ ਪ੍ਰਤੀ ਤਰਸ ਦੇ ਬੰਦ ਦਰਵਾਜ਼ਿਆਂ ਬਾਰੇ ਸਿੱਧਾ ਜਵਾਬ ਮੰਗ ਰਿਹਾ | ਸਰੋਜ ਬਾਲਾ ਪੁੱਛਦੀ ਹੈ ਕਿ ਸਰਕਾਰ ਦੀ ਨਜ਼ਰ ਵਿਚ ਅਮੀਰ ਵਿਧਾਇਕਾਂ ਦੇ ਪੁੱਤਰ ਜ਼ਿਆਦਾ ਲੋੜਵੰਦ ਹਨ, ਤਾਂ ਉਹ ਕਿਹੜੇ ਜਿਉਂਦੇ ਰੱਬ ਦੀ ਚੌਖਟ ‘ਤੇ ਮੱਥਾ ਰਗੜੇ ਕਿ ਵਿਧਾਇਕਾਂ ਦੇ ਪੁੱਤਰਾਂ ਵਾਂਗ ਉਸ ਦੇ ਮਾੜੇ ਭਾਗਾਂ ‘ਚ ਤਰਸ ਵਾਲਾ ਅਸ਼ੀਰਵਾਦ ਪੈ ਜਾਵੇ | ਸਰੋਜ ਨੇ ਮੁੱਖ ਮੰਤਰੀ ਤੋਂ ਸਰਕਾਰੀ ਨੌਕਰੀ ਦੀ ਮੰਗ ਕਰਦੇ ਕਿਹਾ ਕਿ ਉਸ ਦੀ ਪਤੀ ਦੀ ਮਾੜੇ ਸਰਕਾਰੀ ਸਿਸਟਮ ਕਰਨ ਮੌਤ ਹੋਈ ਹੈ | ਇਸ ਕਰਕੇ ਉਸ ਦਾ ਪਰਿਵਾਰ ਸਰਕਾਰੀ ਨੌਕਰੀ ਦਾ ਹੱਕਦਾਰ ਹੈ | ਉਹ ਅੱਜ ਲੰਬੀ ਕੱਚੇ ਅਧਿਆਪਕਾਂ ਦੇ ਹੱਕ ‘ਚ ਸੰਘਰਸ਼ ‘ਚ ਹਿੱਸਾ ਲੈਣ ਪੁੱਜੀ ਹੋਈ ਸੀ |

ਜੱਗ-ਜ਼ਾਹਰ ਹੈ ਕਿ ਵਿਧਾਇਕ ਪੁੱਤਰਾਂ ਨੂੰ ਸਰਕਾਰੀ ਫੀਤੀਆਂ ਲਗਾਉਣ ‘ਤੇ ਸੂਬਾ ਸਰਕਾਰ ਜਨਤਕ ਤੌਰ ‘ਤੇ ਘਿਰ ਚੁੱਕੀ ਹੈ | ਅਦਾਲਤ ‘ਚ ਪਟੀਸ਼ਨ ਵੀ ਦਾਇਰ ਹੋ ਚੁੱਕੀ ਹੈ | ਵਿਧਾਇਕ ਪੁੱਤਰਾਂ ਦੀਆਂ ਨੌਕਰੀਆਂ ‘ਤੇ ਸਰਕਾਰੀ ਇਤਰਾਜ਼ ਲੱਗਣ ਦੀਆਂ ਕਨਸੋਆਂ ਵੀ ਹਨ | ਸਰੋਜ ਬਾਲਾ ਜਿਹੇ ਸੈਂਕੜੇ ਪਰਿਵਾਰ ਹਨ, ਜਿਹੜੇ ਤਰਸ ਨੀਤੀ ਦੇ ਹੱਕਦਾਰ ਹਨ | ਵਿਜੈ ਕੁਮਾਰ ਦਾ ਪਰਿਵਾਰ ਕਿਸੇ ਅਮੀਰ ਵਿਧਾਨਕਾਰ ਦੀ ਪੌਦ ਨਾ ਹੋਣ ਕੈਪਟਨ ਸਰਕਾਰ ਦੇ ਪੈਰਾਮੀਟਰ ‘ਤੇ ਨਹੀਂ ਆਇਆ | ਡੈਮੋਕ੍ਰੇਟਿਕ ਟੀਚਰ ਫ਼ਰੰਟ ਦੇ ਆਗੂ ਕੁਲਦੀਪ ਸ਼ਰਮਾ, ਜਸਵਿੰਦਰ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਘਰ-ਘਰ ਰੁਜ਼ਗਾਰ ਦਾ ਵਾਅਦਾ ਕਰਕੇ ਸਿਰਫ਼ ਆਪਣੇ ਚਹੇਤਿਆਂ ਨੂੰ ਨੌਕਰੀਆਂ ਪਰੋਸ ਕੇ ਦੇ ਰਹੀ ਹੈ, ਜਦੋਂਕਿ ਸਰੋਜ ਬਾਲਾ ਜਿਹੇ ਅਸਲ ਹੱਕਦਾਰ ਜ਼ਿੰਦਗੀ ਦੀਆਂ ਕਿੱਲਤ ਨਾਲ ਜੂਝਦੇ ਹੋਏ ਨਰਕਤੁੱਲ ਜੀਵਨ ਬਤੀਤ ਕਰ ਰਹੇ ਹਨ | 

Share This :

Leave a Reply