ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵ੍ਹਿਸਕੀ ਉਤਪਾਦਨ ਵਿਚ ਵਿਸ਼ਵ ਭਰ ‘ਚ ਮੋਹਰੀ ਹੈ। ਸਕਾਟਲੈਂਡ ਦੇ ਡਿਸਟਿਲਰੀ (ਸ਼ਰਾਬ ਬਨਾਉਣ ਦਾ ਕਾਰਖਾਨਾ) ਵਿਚ ਵੱਡੇ ਪੱਧਰ ‘ਤੇ ਵ੍ਹਿਸਕੀ ਦਾ ਉਤਪਾਦਨ ਹੁੰਦਾ ਹੈ। ਅਜਿਹਾ ਹੀ ਇਕ 35 ਟਨ ਦਾ ਵ੍ਹਿਸਕੀ ਬਨਾਉਣ ਦਾ ਕਾਰਖ਼ਾਨਾ ਸਕਾਟਲੈਂਡ ਤੋਂ ਚੀਨ ਨੂੰ ਨਿਰਯਾਤ ਕੀਤਾ ਜਾਵੇਗਾ। ਮੋਰੇ ਵਿਚ ਚੌਥੀ ਪੀੜ੍ਹੀ ਦੀ ਪਰਿਵਾਰਕ ਕੰਪਨੀ ਫੋਰਸਥ ਵੱਲੋਂ ਤਿਆਰ ਕੀਤਾ ਗਿਆ ਇਹ ਕਾਰਖ਼ਾਨਾ 3 ਮਿਲੀਅਨ ਪੌਂਡ ਲਈ ਚੀਨ ਵਿਚ ਬੀਜਿੰਗ ਦੇ ਦੱਖਣ-ਪੂਰਬ ਵਿਚ ਤਿਆਨਜਿਨ ਦੀ ਬੰਦਰਗਾਹ ‘ਤੇ ਭੇਜਿਆ ਜਾਵੇਗਾ।
ਇਸ ਕਾਰਖਾਨੇ ਦੇ ਸਮਾਨ ਵਿਚ ਤਾਂਬੇ ਦੇ ਭਾਂਡਿਆਂ ਨਾਲ ਭਰੇ ਕੰਟੇਨਰ, ਪੌੜੀਆਂ, ਹੈਂਡਰੇਲ, ਫਰਸ਼ਿੰਗ ਅਤੇ 1.3 ਕਿਲੋਮੀਟਰ ਪਾਈਪ ਵਰਕ ਨੂੰ ਇਨਰ ਚੀਨ ਦੇ ਮੰਗੋਲੀਆ ਵਿਚ ਭੇਜਿਆ ਜਾਵੇਗਾ, ਜਿੱਥੇ ਇਕ ਨਵੇਂ ਕਾਰਖ਼ਾਨੇ ਲਈ ਕੰਮ ਚੱਲ ਰਿਹਾ ਹੈ।
ਇਹ ਪ੍ਰੋਜੈਕਟ ਫੋਰਫਰ ਅਧਾਰਤ ਕਾਰੋਬਾਰ ਵੈਲੇਨਟਾਈਨ ਇੰਟਰਨੈਸ਼ਨਲ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਚੀਨ ਵਿਚ ਇਹ ਨਵੀਂ ਡਿਸਟਿਲਰੀ ਮੈਂਗਟਾਈ ਗਰੁੱਪ ਵੱਲੋਂ ਬਣਾਈ ਜਾ ਰਹੀ ਹੈ। ਵੈਲੇਨਟਾਈਨ ਇੰਟਰਨੈਸ਼ਨਲ ਦੇ ਮੈਨੇਜਿੰਗ ਡਾਇਰੈਕਟਰ ਡੈਵਿਡ ਵੈਲੇਨਟਾਈਨ ਨੇ ਦੱਸਿਆ ਕਿ ਮੰਗੋਲੀਆ ਵਿਚ ਇਕ ਡਿਸਟਿਲਰੀ ਬਣਾਉਣਾ ਮੇਂਗਟਾਈ ਦੇ ਚੇਅਰਮੈਨ ਓ ਫੈਂਗਟਿੰਗ ਦੀ ਪਹਿਲ ਹੈ, ਜਿਸ ਦਾ ਉਦੇਸ਼ ਚੀਨ ਦੀ ਸਰਬੋਤਮ ਵ੍ਹਿਸਕੀ ਬਣਾਉਣਾ ਹੈ ਅਤੇ ਇਹ ਪ੍ਰੋਜੈਕਟ 2021 ਦੇ ਅੰਤ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਕ ਵਾਰ ਡਿਸਟਿਲਰੀ ਦੇ ਉਪਕਰਣ ਇਨਰ ਮੰਗੋਲੀਆ ਵਿਚ ਆਉਣ ਤੋਂ ਬਾਅਦ, ਪੰਜ ਫੋਰਸਾਈਥ ਇੰਜੀਨੀਅਰਾਂ ਦੀ ਇਕ ਟੀਮ ਇਸ ਦੀ ਅਸੈਂਬਲੀ ਦੀ ਨਿਗਰਾਨੀ ਕਰੇਗੀ।