ਬਠਿੰਡਾ, ਮੀਡੀਆ ਬਿਊਰੋ:
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਤੋਂ ਫਰਲੋ ‘ਤੇ ਆਉਣ ਤੋਂ ਬਾਅਦ ਪੰਜਾਬ ‘ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਡੇਰੇ ਦਾ ਸਿਆਸੀ ਵਿੰਗ ਹੋਰ ਸਰਗਰਮ ਹੋ ਗਿਆ ਹੈ। ਹਾਲਾਂਕਿ ਡੇਰੇ ਨੇ ਅਜੇ ਤਕ ਕਿਸੇ ਵੀ ਸਿਆਸੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਨਹੀਂ ਕੀਤਾ ਹੈ ਪਰ ਸੰਭਾਵਨਾ ਹੈ ਕਿ 3 ਦਿਨ ਬਾਅਦ ਕੋਈ ਐਲਾਨ ਹੋ ਸਕਦਾ ਹੈ। ਡੇਰਾ ਪ੍ਰਬੰਧਕਾਂ ਨੇ ਇਸ ਲਈ ਤਿੰਨ ਦਿਨ ਹੋਰ ਉਡੀਕ ਕਰਨ ਲਈ ਕਿਹਾ ਹੈ। ਡੇਰਾ ਮੁਖੀ ਦੇ ਤਿੰਨ ਦਿਨਾਂ ਬਾਅਦ ਡੇਰਾ ਸਿਰਸਾ ਪਹੁੰਚਣ ਦੀ ਸੰਭਾਵਨਾ ਹੈ। ਇਸ ਦੌਰਾਨ ਸਿਆਸੀ ਵਿੰਗ ਵੱਲੋਂ ਡੇਰਾ ਪ੍ਰੇਮੀਆਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਸਿਆਸੀ ਵਿੰਗ ਦਾ ਫੈਸਲਾ ਮੰਨਣ ਦਾ ਮਾਹੌਲ ਬਣਾਇਆ ਜਾ ਰਿਹਾ ਹੈ।
ਹਰ ਬਲਾਕ ਤੋਂ ਸੰਗਤ ਕਰ ਰਹੀ ਪ੍ਰਚਾਰ
ਡੇਰਾ ਪ੍ਰਬੰਧਕਾਂ ਵੱਲੋਂ ਡੇਰਾ ਮੁਖੀ ਦੇ ਕੁੜਮ ਹਰਮਿੰਦਰ ਜੱਸੀ ਦੀ ਹਮਾਇਤ ਲਈ ਪਹਿਲਾਂ ਹੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੇ ਪ੍ਰਚਾਰ ਲਈ ਹਰ ਬਲਾਕ ਤੋਂ ਸੰਗਤਾਂ ਤਲਵੰਡੀ ਸਾਬੋ ਪਹੁੰਚ ਰਹੀਆਂ ਹਨ। ਬੇਅਦਬੀ ਕਾਂਡ ‘ਚ ਸ਼ਾਮਲ ਹੋਣ ਕਾਰਨ ਡੇਰਾ ਪ੍ਰੇਮੀ ਸੂਬੇ ਦੀ ਕਾਂਗਰਸ ਸਰਕਾਰ ਤੋਂ ਵੀ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਫਰਲੋ ਦਾ ਖੁੱਲ੍ਹੇਆਮ ਸਵਾਗਤ ਕਰਨ ਲਈ ਸਿਆਸਤਦਾਨ ਵੀ ਨਹੀਂ ਆ ਰਹੇ। ਉਨ੍ਹਾਂ ਨੂੰ ਡਰ ਹੈ ਕਿ ਲੋਕ ਕਿਤੇ ਨਾਰਾਜ਼ ਨਾ ਹੋ ਜਾਣ।
ਫਰਲੋ ਦਾ ਭਾਜਪਾ ਨੂੰ ਫਾਇਦਾ ਨਹੀਂ : ਅਭੈ ਚੌਟਾਲਾ
ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਚੌਧਰੀ ਅਭੈ ਚੌਟਾਲਾ ਨੇ ਕਿਹਾ ਕਿ ਡੇਰਾ ਮੁਖੀ ਕਈ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਬਾਹਰ ਆਏ ਹਨ ਤੇ ਭਾਜਪਾ ਨੂੰ ਉਸ ਦੇ ਬਾਹਰ ਨਿਕਲਣ ਦਾ ਕੋਈ ਲਾਭ ਹੋਣ ਦੀ ਉਮੀਦ ਨਹੀਂ ਹੈ। ਉਹ ਅਬੋਹਰ ਦੇ ਪਿੰਡ ਪੰਜਕੋਸੀ ‘ਚ ਇੱਕ ਜਨਤਕ ਮੀਟਿੰਗ ਵਿੱਚ ਪੁੱਜੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਵਿੱਚ ਨਾਕਾਮ ਰਹੀ ਹੈ।