ਅੰਮ੍ਰਿਤਸਰ, ਮੀਡੀਆ ਬਿਊਰੋ:
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਚਡ਼੍ਹਾਏ ਜਾਣ ਵਾਲੇ ਚੰਦੋਆ ਸਾਹਿਬ ਤੇ ਰੁਮਾਲਾ ਸਾਹਿਬ ਦੇ ਸੈੱਟ ਬਾਹਰ ਦੁਕਾਨਦਾਰ ਨੂੰ ਮੁਡ਼ ਵੇਚਣ ਦਾ ਮਾਮਲਾ ਸੋਸ਼ਲ ਮੀਡੀਆ ’ਤੇ ਭਖਿਆ ਹੋਣ ਕਾਰਨ ਇਸ ਦੀਆਂ ਚਰਚਾਵਾਂ ਨੇ ਜ਼ੋਰ ਫਡ਼ਿਆ ਹੋਇਆ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਚਡ਼੍ਹਾਏ ਜਾਂਦੇ ਚੰਦੋਆ ਸਾਹਿਬ ਤੇ ਰੁਮਾਲੇ ਸਾਹਿਬ ਦੇ ਸੈੱਟ ਦਾ ਸੱਚ ਕੀ ਹੈ, ‘ਪੰਜਾਬੀ ਜਾਗਰਣ’ ਦੀ ਵਿਸ਼ੇਸ਼ ਰਿਪੋਰਟ ’ਚ ਇਸ ਦੇ ਤੱਥ ਪੇਸ਼ ਕੀਤੇ ਗਏ ਹਨ।
ਸ੍ਰੀ ਹਰਿਮੰਦਰ ਸਾਹਿਬ ’ਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਅਥਾਹ ਸ਼ਰਧਾ ਹੈ ਤੇ ਸੰਗਤਾਂ ਵੱਲੋਂ ਗੁਰੂ ਘਰ ਵਿਖੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਉੱਥੇ ਸਜਾਏ ਜਾਣ ਵਾਲੇ ਚੰਦੋਆ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਸ਼ੋਭਿਤ ਹੋਣ ਵਾਲੇ ਰੁਮਾਲਾ ਸਾਹਿਬ ਦਾ ਸੈੱਟ ਰੋਜ਼ਾਨਾ ਹੀ ਨਵਾਂ ਚਡ਼੍ਹਾਇਆ ਜਾਂਦਾ ਹੈ। ਇਹ ਸੈੱਟ ਚਡ਼੍ਹਾਉਂਦੇ ਲਈ ਸੰਗਤਾਂ ਨੂੰ ਲੰਮਾ ਸਮਾਂ ਆਪਣੀ ਵਾਰੀ ਦੀ ਉਡੀਕ ਵੀ ਕਰਨੀ ਪੈਂਦੀ ਹੈ। ਰਾਤ ਸਮਾਪਤੀ ਤੋਂ ਬਾਅਦ ਸੁੱਕੀ ਸੇਵਾ ਦਰਮਿਆਨ ਪਹਿਲਾਂ ਸੁਸ਼ੋਭਿਤ ਕੀਤਾ ਚੰਦੋਆ ਸਾਹਿਬ ਬਦਲ ਕੇ ਨਵਾਂ ਚੰਦੋਆ ਸਾਹਿਬ ਸੁਸ਼ੋਭਿਤ ਕੀਤਾ ਜਾਂਦਾ ਹੈ। ਅੰਮ੍ਰਿਤ ਵੇਲੇ ਪ੍ਰਕਾਸ਼ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਚੰਦੋਆ ਸਾਹਿਬ ਦੇ ਨਾਲ ਦਾ ਸੈੱਟ ਰੁਮਾਲਾ ਸਾਹਿਬ ਵੀ ਸੁਸ਼ੋਭਿਤ ਕੀਤਾ ਜਾਂਦਾ ਹੈ। ਗਰਮੀ ਤੇ ਸਰਦੀ ਦੇ ਮੌਸਮ ਨੂੰ ਧਿਆਨ ’ਚ ਰੱਖ ਕੇ ਇਹ ਸੈੱਟ ਤਿਆਰ ਕੀਤੇ ਜਾਂਦੇ ਹਨ। ਚੰਦੋਆ ਸਾਹਿਬ ਦਾ ਸੈੱਟ ਚਡ਼੍ਹਾਉਣ ਵਾਲੀ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੈੱਟ ਭੇਟ ਕਰਦੀ ਹੈ ਅਤੇ ਇਸ ਸੈੱਟ ਨੂੰ ਚਡ਼੍ਹਾਉਣ ਅਤੇ ਸੰਭਾਲਣ ਦੀ ਜ਼ਿੰਮੇਵਾਰੀ ਫਰਾਸ਼ ਦੀ ਹੁੰਦੀ ਹੈ।
ਸੰਗਤਾਂ ਕਿਸ ਤਰ੍ਹਾਂ ਚਡ਼੍ਹਾਉਂਦੀਆਂ ਹਨ ਚੰਦੋਆ ਸਾਹਿਬ ਦਾ ਸੈੱਟ
ਦੇਸ਼-ਵਿਦੇਸ਼ ਦੀਆਂ ਸੰਗਤਾਂ ਸ਼ਰਧਾ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੰਦੋਆ ਸਾਹਿਬ ਤੇ ਰੁਮਾਲਾ ਸਾਹਿਬ ਦੀ ਸੇਵਾ ਕਰਦੀਆਂ ਹਨ। ਸੰਗਤਾਂ ਨੂੰ ਇਹ ਸੈੱਟ ਬਾਜ਼ਾਰ ’ਚ ਸਥਿਤ ਕੁਝ ਦੁਕਾਨਾਂ ਰਾਹੀਂ ਹੀ ਤਿਆਰ ਕਰਵਾਉਣੇ ਪੈਂਦੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਲੱਗਦੇ ਬਜ਼ਾਰਾਂ ’ਚ ਚੰਦੋਆ ਸਾਹਿਬ ਤੇ ਰੁਮਾਲਾ ਸਾਹਿਬ ਤਿਆਰ ਕਰਨ ਵਾਲੀਆਂ ਕੁਝ ਦੁਕਾਨਾਂ ਹਨ ਅਤੇ ਇਸ ਕੰਮ ’ਚ ਕੁਝ ਕਾਰੀਗਰਾਂ ਨੂੰ ਮੁਹਾਰਤ ਹਾਸਲ ਹੈ। ਸੰਗਤਾਂ ਨੂੰ ਦੁਕਾਨਦਾਰ ਕੱਪਡ਼ਾ, ਰੰਗ ਅਤੇ ਹੋਣ ਵਾਲੀ ਕਢਾਈ ਦੇ ਕੰਮ ਬਾਰੇ ਦੱਸ ਕੇ ਜਿਸ ਤਰ੍ਹਾਂ ਦਾ ਕੱਪਡ਼ਾ ਤੇ ਕਢਾਈ ਸੰਗਤ ਨੂੰ ਪਸੰਦ ਹੁੰਦੀ ਹੈ, ਉਸ ਹਿਸਾਬ ਨਾਲ ਦੁਕਾਨਦਾਰ ਚੰਦੋਆ ਸਾਹਿਬ ਤੇ ਰੁਮਾਲਾ ਸਾਹਿਬ ਦੀ ਕੀਮਤ ਤੈਅ ਕਰਦੇ ਹਨ।
ਚੰਦੋਆ ਸਾਹਿਬ ਚਡ਼੍ਹਾਉਣ ਲਈ ਕਿਸ ਤਰ੍ਹਾਂ ਮਿਲਦੀ ਹੈ ਤਰੀਕ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚੰਦੋਆ ਸਾਹਿਬ ਤੇ ਰੁਮਾਲਾ ਸਾਹਿਬ ਚਡ਼੍ਹਾਉਣ ਲਈ ਤਰੀਕ ਸਬੰਧੀ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਚੰਦੋਆ ਸਾਹਿਬ ਚਡ਼੍ਹਾਉਣ ਲਈ ਉਨ੍ਹਾਂ ਤੱਕ ਪਹੁੰਚ ਕੀਤੀ ਜਾਂਦੀ ਹੈ। ਦੁਕਾਨਦਾਰ ਪਾਸੋਂ ਸੰਗਤਾਂ ਸੈੱਟ ਪਸੰਦ ਕਰਕੇ ਤਿਆਰ ਕਰਵਾਉਣ ਲਈ ਇਕ ਬਿੱਲ ਹਾਸਲ ਕਰਦੀਆਂ ਹਨ। ਬਿੱਲ ਤੋਂ ਪਤਾ ਲੱਗਦਾ ਹੈ ਕਿ ਸੰਗਤ ਨੇ ਚੰਦੋਆ ਸਾਹਿਬ ਤਿਆਰ ਕਰਵਾਉਣ ਲਈ ਆਰਡਰ ਦੇ ਦਿੱਤਾ ਹੈ। ਸੰਗਤ ਦੇ ਬਿੱਲ ਨਾਲ ਸ਼ਨਾਖ਼ਤੀ ਕਾਰਡ ਲਗਾ ਕੇ ਅਗਲੇ ਦਿਨਾਂ ’ਚ ਆਉਣ ਵਾਲੀ ਖ਼ਾਲੀ ਤਰੀਕ ਦੇ ਦਿੱਤੀ ਜਾਂਦੀ ਹੈ, ਦਿੱਤੀ ਹੋਈ ਤਰੀਕ ’ਤੇ ਸੰਗਤ ਚੰਦੋਆ ਸਾਹਿਬ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਦੀ ਹੈ ਤੇ ਚੰਦੋਆ ਸਾਹਿਬ ਤੇ ਰੁਮਾਲਾ ਸਾਹਿਬ ਦਾ ਸੈੱਟ ਭੇਟ ਕਰਦੀ ਹੈ। ਸਮਾਪਤੀ ਤੋਂ ਬਾਅਦ ਪਹਿਲਾ ਸ਼ੁਸ਼ੋਭਿਤ ਹੋਇਆ ਚੰਦੋਆ ਸਾਹਿਬ ਉਤਾਰ ਕੇ ਸੰਗਤ ਦੀ ਹਾਜ਼ਰੀ ’ਚ ਨਵਾਂ ਚੰਦੋਆ ਸਾਹਿਬ ਸੁਸ਼ੋਭਿਤ ਕਰ ਦਿੱਤਾ ਜਾਂਦਾ ਹੈ ਤੇ ਰੁਮਾਲਾ ਸਾਹਿਬ ਅੰਮ੍ਰਿਤ ਵੇਲੇ ਪ੍ਰਕਾਸ਼ ਸਮੇਂ ਗੁਰੂ ਸਾਹਿਬ ਨੂੰ ਸੁਸ਼ੋਭਿਤ ਕਰ ਦਿੱਤਾ ਜਾਂਦਾ ਹੈ। ਇਨ੍ਹਾਂ ਸੈੱਟਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਫਰਾਸ਼ ਦੀ ਹੁੰਦੀ ਹੈ।
ਕਿਸ ਤਰ੍ਹਾਂ ਹੁੰਦੀ ਹੈ ਚੰਦੋਆ ਸਾਹਿਬ ਦੇ ਸੈੱਟ ਦੀ ਸੰਭਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਫਰਾਸ਼ ਭਾਈ ਸਤਨਾਮ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਚੰਦੋਆ ਸਾਹਿਬ ਦਾ ਸੈੱਟ ਚਡ਼੍ਹਾਉਣ ਦੀ ਤਰੀਕ ਮੈਨੇਜਰ ਵੱਲੋਂ ਹੀ ਦਿੱਤੀ ਜਾਂਦੀ ਹੈ। ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੰਦੋਆ ਸਾਹਿਬ ਤੇ ਰੁਮਾਲਾ ਸਾਹਿਬ ਦਾ ਸੈੱਟ ਭੇਟ ਕਰਦੀਆਂ ਹਨ ਅਤੇ ਸੰਗਤਾਂ ਦੀ ਮੌਜੂਦਗੀ ’ਚ ਚੰਦੋਆ ਸਾਹਿਬ ਸੁਸ਼ੋਭਿਤ ਕਰਨ ਤੋਂ ਬਾਅਦ ਸੰਗਤਾਂ ਨੂੰ ਉਹ ਫਰਾਸ਼ ਦੇ ਦਫ਼ਤਰ ਲੈ ਕੇ ਆਉਂਦੇ ਹਨ ਅਤੇ ਉਨ੍ਹਾਂ ਵੱਲੋਂ ਸੈੱਟ ਦਾ ਵੇਰਵਾ ਰਜਿਸਟਰ ’ਚ ਦਰਜ ਕਰਕੇ ਸਬੰਧਿਤ ਪਰਿਵਾਰ ਨੂੰ ਰਸੀਦ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੰਗਤ ਦਾ ਨਾਂ, ਪਤਾ ਤੇ ਮੋਬਾਇਲ ਨੰਬਰ ਰਸੀਦ ਉੱਪਰ ਲਿਖਿਆ ਜਾਂਦਾ ਹੈ। ਤਰੀਕ ਤੇ ਰਸੀਦ ਨੰਬਰ ਉਸੇ ਚੰਦੋਆ ਸਾਹਿਬ ਸੈੱਟ ’ਤੇ ਮੋਹਰ ਨਾਲ ਲਗਾ ਦਿੱਤਾ ਜਾਂਦਾ ਹੈ।
ਕਿੱਥੇ ਜਾਂਦੇ ਹਨ ਸੁਸ਼ੋਭਿਤ ਹੋਣ ਵਾਲੇ ਚੰਦੋਆ ਸਾਹਿਬ
ਭਾਈ ਸਤਨਾਮ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾਂ ਚੰਦੋਆ ਸਾਹਿਬ ਚਡ਼੍ਹਾਉਣ ਵਾਲੀ ਸੰਗਤ ਨੂੰ ਰਸੀਦ ਕੱਟ ਕੇ ਦਿੱਤੀ ਜਾਂਦੀ ਹੈ, ਉਸੇ ਨੰਬਰ ਦੇ ਆਧਾਰ ’ਤੇ ਚੰਦੋਆ ਸਾਹਿਬ ਤੇ ਰੁਮਾਲਾ ਸਾਹਿਬ ਦੇ ਸੈੱਟ ਦੀ ਪਛਾਣ ਹੁੰਦੀ ਹੈ। ਉਨ੍ਹਾਂ ਕਿਹਾ ਕਿ ਦੂਰ-ਦੁਰਾਡੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਸਥਾਨਕ ਗੁਰਦੁਆਰਾ ਸਾਹਿਬ ਲਈ ਚੰਦੋਆ ਸਾਹਿਬ ਦੀ ਮੰਗ ਕਰਦੀਆਂ ਹਨ। ਇਹ ਮੰਗ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਤੇ ਕਮੇਟੀਆਂ ਵੱਲੋਂ ਉਨ੍ਹਾਂ ਦੇ ਲੈਟਰਹੈੱਡ ’ਤੇ ਕੀਤੀ ਜਾਂਦੀ ਹੈ ਜਿਸ ਦੀ ਸਿਫ਼ਾਰਸ਼ ਸ਼੍ਰੋਮਣੀ ਕਮੇਟੀ ਮੈਂਬਰ ਵੱਲੋਂ ਕੀਤੀ ਜਾਂਦੀ ਹੈ। ਉਸ ਉਪਰੰਤ ਦਫ਼ਤਰੀ ਕਾਰਵਾਈ ਸ਼ੁਰੂ ਹੁੰਦੀ ਹੈ ਤੇ ਪ੍ਰਧਾਨ ਸਾਹਿਬ ਦੀ ਆਗਿਆ ਤੋਂ ਬਾਅਦ ਸੈਕਸ਼ਨ ਪਚਾਸੀ ਬ੍ਰਾਂਚ ਵੱਲੋਂ ਇਕ ਦਫ਼ਤਰੀ ਚਿੱਠੀ ਕੱਢੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਚੰਦੋਆ ਸਾਹਿਬ ਚਡ਼੍ਹਾਉਣ ਵਾਲਿਆਂ ਨੂੰ ਇੰਤਜ਼ਾਰ ਕਰਨਾ ਪੈੰਦਾ ਹੈ, ਉਸੇ ਤਰ੍ਹਾਂ ਸੁਸ਼ੋਭਿਤ ਹੋਏ ਚੰਦੋਆ ਸਾਹਿਬ ਲੈਣ ਵਾਲੇ ਗੁਰਦੁਆਰਾ ਪ੍ਰਬੰਧਕ ਤੇ ਕਮੇਟੀਆਂ ਨੂੰ ਵੀ ਇੰਤਜ਼ਾਰ ਕਰਨਾ ਪੈਂਦਾ ਹੈ।
ਹਰੇਕ ਚੰਦੋਆ ਸਾਹਿਬ ਦਾ ਰਿਕਾਰਡ ਹੈ ਮੌਜੂਦ ਮੈਨੇਜਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਕਿਹਾ ਕਿ ਹਰੇਕ ਚੰਦੋਆ ਸਾਹਿਬ ਦਾ ਰਿਕਾਰਡ ਦਫ਼ਤਰ ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਵਿਖੇ ਮੌਜੂਦ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਤਰੀਕ ਦੇਣ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਰਜਿਸਟਰ ’ਚ ਸਾਰਾ ਰਿਕਾਰਡ ਮੌਜੂਦ ਹੁੰਦਾ ਹੈ। ਉਸ ਤੋਂ ਬਾਅਦ ਸਾਰਾ ਰਿਕਾਰਡ ਫਰਾਸ਼ ਕੋਲ ਮੌਜੂਦ ਹੁੰਦਾ ਹੈ। ਫਰਾਸ਼ ਹਰੇਕ ਚੰਦੋਆ ਸਾਹਿਬ ਦੀ ਕੱਟੀ ਹੋਈ ਰਸੀਦ ਮੁਤਾਬਕ ਇਹ ਰਿਕਾਰਡ ਸੰਭਾਲਦਾ ਹੈ। ਜਿਵੇਂ ਕਿ ਚੰਦੋਆ ਸਾਹਿਬ ਚਡ਼੍ਹਾਉਣ ਵਾਲੇ ਦਾ ਰਿਕਾਰਡ ਮੌਜੂਦ ਹੁੰਦਾ ਹੈ, ਉਸੇ ਤਰ੍ਹਾਂ ਸੁਸ਼ੋਭਿਤ ਹੋਣ ਤੋਂ ਬਾਅਦ ਜਿਸ ਗੁਰਦੁਆਰਾ ਸਾਹਿਬ ਨੂੰ ਚੰਦੋਆ ਸਾਹਿਬ ਦਾ ਸੈੱਟ ਦਿੱਤਾ ਗਿਆ ਹੈ, ਉਸ ਦਾ ਰਿਕਾਰਡ ਵੀ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਕੋਲ ਮੌਜੂਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰੀਕ ’ਤੇ ਚਡ਼੍ਹਿਆ ਹੋਇਆ ਚੰਦੋਆ ਸਾਹਿਬ ਉਸ ਤੋਂ ਬਾਅਦ ਕਿਸ ਗੁਰਦੁਆਰੇ ਨੂੰ ਦੇ ਦਿੱਤਾ ਗਿਆ, ਉਸ ਦਾ ਰਿਕਾਰਡ ਅੱਜ ਵੀ ਸ੍ਰੀ ਦਰਬਾਰ ਸਾਹਿਬ ਦੇ ਰਿਕਾਰਡ ’ਚ ਦਰਜ ਹੈ। ਮੈਨੇਜਰ ਭੰਗਾਲੀ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਗੁੰਮਰਾਹਕੁਨ ਅਫ਼ਵਾਹਾਂ ਤੋਂ ਸੁਚੇਤ ਰਹਿਣ ਤੇ ਜੇਕਰ ਕਿਸੇ ਨੂੰ ਵੀ ਸ਼ੱਕ ਹੈ ਤਾਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਕੇ ਆਪਣੇ ਸ਼ੱਕ ਦੂਰ ਕਰ ਕੀਤਾ ਜਾ ਸਕਦਾ ਹੈ।






















