ਚੰਡੀਗੜ੍ਹ, ਮੀਡੀਆ ਬਿਊਰੋ: PM Modi Exclusive Interview : ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਪੰਜਾਬ ’ਚ ਲਟਕਵੀਂ ਵਿਧਾਨ ਸਭਾ ਨਹੀਂ ਹੋਵੇਗੀ ਤੇ ਲੋਕ ਸਾਨੂੁੰ ਸਪੱਸ਼ਟ ਬਹੁਮਤ ਦੇਣਗੇ। ਹੁਣੇ ਹੀ ਚੰਡੀਗਡ਼੍ਹ ’ਚ ਸਥਾਨਕ ਸਰਕਾਰਾਂ ਬਾਰੇ ਚੋਣਾਂ ਦੇ ਨਤੀਜੇ ਤੁਸੀਂ ਦੇਖੇ ਹੋਣਗੇ। ਉੱਥੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਜਿੱਤ ਦਰਜ ਕਰਵਾਈ ਹੈ। ਇਹ ਸਪੱਸ਼ਟ ਕਰਦਾ ਹੈ ਕਿ ਉੱਥੇ ਸਾਨੂੰ ਕਿਸ ਪੱਧਰ ’ਤੇ ਸਵੀਕਾਰ ਕੀਤਾ ਜਾਂਦਾ ਹੈ। ਤੁਸੀਂ ਇਹ ਵੀ ਠੀਕ ਹੀ ਕਿਹਾ ਕਿ ਰਣਨੀਤਿਕ ਨਜ਼ਰੀਏ ਤੋਂ ਪੰਜਾਬ ਇਕ ਅਹਿਮ ਸੂਬਾ ਹੈ ਤੇ ਪੰਜਾਬ ਦੇ ਲੋਕ ਇਸ ਗੱਲ ਨੂੰ ਬਾਖੂਬੀ ਸਮਝਦੇ ਹਨ। ਪੰਜਾਬ ਇਕ ਬਾਰਡਰ ਸਟੇਟ ਹੈ, ਜਿੱਥੇ ਮਜ਼ਬੂਤ ਤੇ ਸਥਾਈ ਸਰਕਾਰ ਜ਼ਰੂਰੀ ਹੈ। ਅੰਦਰੂਨੀ ਲਡ਼ਾਈ ’ਚ ਉਲਝੀ ਕਾਂਗਰਸ ਤੋਂ ਸਥਾਈ ਸਰਕਾਰ ਦੀ ਉਮੀਦ ਨਹੀਂ ਹੈ। ਕੁਝ ਹੋਰ ਨਵੇਂ ਲੋਕ ਵੀ ਹਨ, ਜਿਨ੍ਹਾਂ ’ਤੇ ਲੋਕਾਂ ਨੂੰ ਭਰੋਸਾ ਨਹੀਂ ਹੈ।
ਜਿਨ੍ਹਾਂ ਦੀ ਬੋਲੀ ਤੇ ਵਤੀਰੇ ’ਚ ਜ਼ਮੀਨ-ਅਸਮਾਨ ਦਾ ਫ਼ਰਕ ਹੋਵੇ, ਜੋ ਆਪਣੀ ਹੀ ਗੱਲ ਤੋਂ ਹਰ ਦਿਨ ਪਲਟਣ ’ਚ ਜ਼ਰਾ ਵੀ ਸ਼ਰਮ ਨਾ ਕਰਦੇ ਹੋਣ। ਗੱਲਾਂ ਤੋਂ ਪਲਟ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਜਿੰਨਾ ਦਾ ਤਰੀਕਾ ਹੈ, ਉਹ ਲੋਕ ਵੀ ਪੰਜਾਬ ਚੋਣਾਂ ’ਚ ਆਪਣੀ ਕਿਸਮਤ ਅਜਮਾ ਰਹੇ ਹਨ।
ਪੰਜਾਬ ਦਾ ਵੋਟਰ ਭੂਤਕਾਲ ’ਚ ਬਹੁਤ ਮੁਸੀਬਤਾਂ ਦੇਖ ਚੁੱਕਾ ਹੈ, ਖ਼ੂਨੀ ਖੇਡ ਦੇਖ ਚੁੱਕਾ ਹੈ। ਪੰਜਾਬ ਦੇ ਆਮ ਲੋਕ ਸ਼ਾਂਤੀ ਨਾਲ ਆਪਣੀ ਖੇਤੀਬਾਡ਼ੀ ਕਰਨਾ ਚਾਹੁੰਦੇ ਹਨ, ਕਾਰੋਬਾਰ ਕਰਨਾ ਚਾਹੁੰਦੇ ਹਨ। ਉਸ ਨੂੁੰ ਜੇ ਥੋਡ਼੍ਹੀ ਜਿਹੀ ਵੀ ਗਡ਼ਬਡ਼ ਲੱਗਦੀ ਹੈ, ਕੁਝ ਗ਼ਲਤ ਹੋਣ ਦਾ ਖ਼ਦਸ਼ਾ ਹੁੰਦਾ ਹੈ ਤਾਂ ਪੰਜਾਬ ਦੇ ਲੋਕ ਉਸ ਨੂੰ ਕਦੇ ਸਵੀਕਾਰ ਨਹੀਂ ਕਰਦੇ ਤੇ ਨਾ ਹੀ ਕਦੇ ਸਵੀਕਾਰ ਕਰਨਗੇ। ਸਾਡੀ ਸਰਕਾਰ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀ ਸਿੱਖਾਂ ਦੀ ਸਾਲਾਂ ਪੁਰਾਣੀ ਮੰਗ ਨੂੰ ਪੂਰਾ ਕਰ ਕੇ ਦਿਖਾਇਆ। ਸਾਡੀ ਸਰਕਾਰ ਨੇ ਪੂਰੀ ਵਚਨਬੱਧਤਾ ਨਾਲ 1984 ਦੰਗਿਆਂ ਦੇ ਪੀਡ਼ਤ ਸਿੱਖ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦਾ ਕੰਮ ਕੀਤਾ। ਜੋ ਕੇਸ ਪਏ ਸਨ, ਉਨ੍ਹਾਂ ਦੀ ਐੱਸਆਈਟੀ ਜ਼ਰੀਏ ਜਾਂਚ ਕਰਵਾਈ। ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ ’ਚ ਲਿਆ ਕੇ ਉਨ੍ਹਾਂ ਨੂੰ ਸਜ਼ਾ ਦਿਵਾਈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਉਣ ਦਾ ਮੌਕਾ ਵੀ ਸਾਨੂੰ ਮਿਲਿਆ। ਅਫ਼ਗਾਨਿਸਤਾਨ ’ਚ ਮੁਸ਼ਕਲਾਂ ਵਿਚਾਲੇ ਵੀ ਪੂਰੇ ਸਨਮਾਨ ਨਾਲ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭਾਰਤ ਲਿਆਂਦਾ ਗਿਆ। ਅਫ਼ਗਾਨਿਸਤਾਨ ਤੋਂ ਘੱਟਗਿਣਤੀ ਭਾਈਚਾਰੇ ਦੇ ਜਿੰਨੇ ਲੋਕਾਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਗਿਆ, ਉਨ੍ਹਾਂ ’ਚ ਜ਼ਿਆਦਾਤਰ ਸਿੱਖ ਭੈਣ-ਭਰਾ ਸਨ। ਸਾਡੇ ਇਸ ਟਰੈਕ ਰਿਕਾਰਡ ਨਾਲ ਸਾਡੇ ਨਾਲ ਕੈਪਟਨ ਅਮਰਿੰਦਰ ਸਿੰਘ ਜੀ ਤੇ ਢੀਂਡਸਾ ਜੀ ਵਰਗੇ ਸਹਿਯੋਗੀ ਵੀ ਹਨ, ਜਿਨ੍ਹਾਂ ਦਾ ਲੰਬਾ ਤਜਰਬਾ ਰਿਹਾ ਹੈ। ਸਾਡੀ ਨੀਤੀ ਤੇ ਨੀਅਤ ਦੋਵੇਂ ਸਾਫ ਹਨ ਤੇ ਇਹ ਸਮੁੱਚੇ ਪੰਜਾਬ ਵਾਸੀਆਂ ਨੂੰ ਵੀ ਦਿਸ ਰਿਹਾ ਹੈ।