ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਸਥਾਨਕ ਰੈਸਟ ਹਾਊਸ ਮਾਰਕੀਟ ਵਿਖੇ ਸ਼੍ਰੋਮਣੀ ਅਕਾਲੀ ਦਲ-ਬਸਪਾ ਵੱਲੋਂ ਆਯੋਜਤ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ-ਬਸਪਾ ਸਰਕਾਰ ਆਉਣ ’ਤੇ ਪੰਜਾਬ ਦੇ ਹਰ ਵਰਗ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਖੰਨਾ ਤੋਂ ਅਕਾਲੀ ਉਮੀਦਵਾਰ ਜਸਦੀਪ ਕੌਰ ਯਾਦੂ ਪਤਨੀ ਯਾਦਵਿੰਦਰ ਸਿੰਘ ਯਾਦੂ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਜੋ ਪੰਜ ਸਾਲਾਂ ਵਿਚ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਹੈ, ਉਸਦਾ ਹਿਸਾਬ ਲਿਆ ਜਾਵੇਗਾ। ਅਕਾਲੀ ਵਰਕਰਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਵਾਲੇ ਕਾਂਗਰਸੀ ਲੀਡਰਾਂ ਤੇ ਅਫ਼ਸਰਾਂ ਨੂੰ ਜੇਲ੍ਹੀ ਡੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਚੋਣ ਮੈਨੀਫੈਸਟੋ ਵਿਚ 13 ਮੁੱਖ ਨੁਕਤੇ ਰੱਖੇ ਗਏ ਹਨ, ਜਿਨ੍ਹਾਂ ਨੂੰ ਹਰ ਹੀਲੇ ਲਾਗੂ ਕੀਤਾ ਜਾਵੇਗਾ।
ਜਿਵੇਂ ਕਿ ਬਿਜਲੀ ਬਿੱਲ ਮੁਆਫ਼ ਕਰਨਾ, ਗਰੀਬ ਵਿਦਿਆਰਥੀਆਂ ਦੀ ਮੁਫ਼ਤ ਪੜ੍ਹਾਈ, ਰਿਆਇਤੀ ਕਰਜ਼ੇ, ਮੁਫ਼ਤ ਸਿਹਤ ਸਹੂਲਤਾਂ, ਛੋਟੇ ਦੁਕਾਨਦਾਰਾਂ ਨੂੰ ਕਰਜ਼ੇ ਅਤੇ ਹੋਰ ਕਈ ਅਹਿਮ ਸਹੂਲਤਾਂ ਦੇਣ ਦਾ ਐਲਾਨ ਕੀਤਾ। ਉਨ੍ਹਾਂ ਹਲਕਾ ਖੰਨਾ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਤੇ ਤੰਜ਼ ਕੱਸਦਿਆਂ ਕਿਹਾ ਕਿ ਇਸ ਨੇ ਇਲਾਕੇ ਵਿਚ ਪੂਰੀ ਲੁੱਟ ਮਚਾਈ ਹੋਈ ਹੈ ਅਤੇ ਰਿਸ਼ਵਤ ਦਾ ਬੋਲਬਾਲਾ ਹੈ। ਸ੍ਰੀ ਬਾਦਲ ਨੇ ਕੇਜਰੀਵਾਲ ਦੇ ਬਿਆਨਾਂ ’ਤੇ ਵੀ ਤਿੱਖਾ ਵਿਅੰਗ ਕਸਦਿਆਂ ਕਿਹਾ ਕਿ ਇਸ ਨੂੰ ਪੰਜਾਬ ਬਾਰੇ ਕੋਈ ਜਾਣਕਾਰੀ ਨਹੀਂ ਹੈ, ਸਿਰਫ਼ ਅਕਾਲੀ ਦਲ ਹੀ ਪੰਜਾਬੀਆਂ ਦੀ ਸਹੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਵੱਡੀ ਪੱਧਰ ’ਤੇ ਧੜੇਬੰਦੀ ਹੈ। ਸਿੱਧੂ ਤੇ ਚੰਨੀ ਆਪਸ ਵਿਚ ਕੁੱਕੜਾਂ ਵਾਂਗ ਲੜ ਰਹੇ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਮੁੜ ਅਕਾਲੀ ਸਰਕਾਰ ਕਾਇਮ ਹੋਵੇਗੀ। ਜ਼ਿਕਰਯੋਗ ਹੈ ਕਿ ਬਾਦਲ ਨੇ ਕਿਸਾਨੀ ਸਹੂਲਤਾਂ ਦੇਣ ਜਾਂ ਕਿਸਾਨੀ ਮੋਰਚੇ ਬਾਰੇ ਵੀ ਇਕ ਸ਼ਬਦ ਨਹੀਂ ਬੋਲਿਆ। ਇਸ ਮੌਕੇ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ, ਰਘਬੀਰ ਸਿੰਘ ਸਹਾਰਨਮਾਜਰਾ, ਦਵਿੰਦਰ ਸਿੰਘ ਖੱਟੜਾ, ਹਰਜੀਤ ਸਿੰਘ ਭਾਟੀਆ, ਰਾਜਿੰਦਰ ਸਿੰਘ ਜੀਤ, ਇੰਜ. ਜਗਦੇਵ ਸਿੰਘ ਬੋਪਾਰਾਏ, ਅਨਿਲ ਦੱਤ ਫੱਲੀ, ਐਡਵੋਕੇਟ ਜਤਿੰਦਰਪਾਲ ਸਿੰਘ, ਹਰਜੰਗ ਸਿੰਘ ਗੰਢੂਆਂ, ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ, ਹਨੀ ਰੋਸ਼ਾ, ਸੁਖਵਿੰਦਰ ਸਿੰਘ ਮਾਂਗਟ, ਕੌਂਸਲਰ ਰੂੁਬੀ ਭਾਟੀਆ ਤੇ ਤਰਵਿੰਦਰ ਕੌਰ ਰੋਸ਼ਾ ਸਮੇਤ ਵੱਡੀ ਗਿਣਤੀ ਆਗੂ ਤੇ ਵਰਕਰ ਹਾਜ਼ਰ ਸਨ। ਇਸ ਮੌਕੇ ਸੁਖਬੀਰ ਬਾਦਲ ਨੇ ਭਾਜਪਾ ਤੇ ਕਾਂਗਰਸ ਛੱਡ ਕੇ ਵੱਡੀ ਗਿਣਤੀ ਸਾਥੀਆਂ ਨਾਲ ਅਕਾਲੀ ਦਲ ਵਿਚ ਸ਼ਾਮਲ ਹੋਏ ਨਿਰਮਲ ਸਿੰਘ ਦੂਲੋਂ ਤੇ ਗੁਰਦੀਪ ਸਿੰਘ ਮਦਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।