ਨਗਰ ਕੌਂਸਲ ਦੇ ਮੁਲਾਜ਼ਮਾਂ ’ਤੇ ਵਿਜੀਲੈਂਸ ਵੱਲੋਂ ਛਾਪੇਮਾਰੀ

ਤਰਨਤਾਰਨ, ਮੀਡੀਆ ਬਿਊਰੋ:

ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਤਰਨਤਾਰਨ ’ਚ ਪਹਿਲਾ ਵੱਡਾ ਐਕਸ਼ਨ ਸੋਮਵਾਰ ਨੂੰ ਉਸ ਵੇਲੇ ਨਜ਼ਰ ਆਇਆ ਜਦੋਂ ਸਥਨਾਕ ਸਰਕਾਰਾਂ ਵਿਭਾਗ ਦੀ ਵਿਜੀਲੈਂਸ ਟੀਮ ਵੱਲੋਂ ਨਗਰ ਕੌਂਸਲ ਤਰਨਤਾਰਨ ਵਿਚ ਛਾਪੇਮਾਰੀ ਕੀਤੀ ਗਈ। ਨਗਰ ਕੌਂਸਲ ਵਿਚ ਕਥਿਤ ਤੌਰ ’ਤੇ ਹੋਏ ਕਰੋੜਾਂ ਰੁਪਏ ਘਪਲੇ ਦੀ ਜਾਂਚ ਲਈ ਚੀਫ ਵਿਜੀਲੈਂਸ ਅਫਸਰ ਦੀ ਅਗਵਾਈ ਹੇਠ ਸਵੇਰੇ ਸਾਢੇ 9 ਵਜੇ ਜਿਵੇਂ ਹੀ ਦਫਤਰ ਪੁੱਜੀ ਤਾਂ ਸਟਾਫ ਵਿਚ ਭਾਜੜਾਂ ਪੈ ਗਈਆਂ। ਹਾਲਾਂਕਿ ਨਗਰ ਕੌਂਸਲ ਦੀ ਕਾਰਜ ਸਾਧਕ ਅਫਸਰ ਦੁਪਹਿਰ 12 ਵਜੇ ਤਕ ਦਫਤਰ ਨਹੀਂ ਪਹੁੰਚ ਸਕੇ ਸੀ, ਜਿਨ੍ਹਾਂ ਨੂੰ ਵਿਜੀਲੈਂਸ ਅਧਿਕਾਰੀਆਂ ਵੱਲੋਂ ਵਾਰ ਵਾਰ ਬੁਲਾਇਆ ਜਾ ਰਿਹਾ ਹੈ।

ਚੀਫ ਵਿਜੀਲੈਂਸ ਅਫਸਰ ਰਾਜੀਵ ਸੇਖੜੀ ਨੇ ਦੱਸਿਆ ਕਿ ਹਰਜਿੰਦਰ ਸਿੰਘ ਨਾਮਕ ਵਿਅਕਤੀ ਵੱਲੋਂ ਵਿਜੀਲੈਂਸ ਨੂੰ ਨਗਰ ਕੌਂਸਲ ਵਿਚ ਹੇਰਾਫੇਰੀ ਸਬੰਧੀ ਸ਼ਿਕਾਇਤ ਕੀਤੀ ਗਈ ਸੀ। ਜਦੋਂਕਿ ਇਥੋਂ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਵੀ ਜਾਂਚ ਸਬੰਧੀ ਕਿਹਾ ਗਿਆ ਹੈ। ਅੱਜ ਛਾਪੇਮਾਰੀ ਦੇ ਦੌਰਾਨ ਨਗਰ ਕੌਂਸਲ ਦਾ ਵੱਡੇ ਪੱਧਰ ’ਤੇ ਰਿਕਾਰਡ ਖੰਘਾਲਿਆ ਗਿਆ ਹੈ ਅਤੇ ਕਾਫੀ ਰਿਕਾਰਡ ਕਬਜੇ ਵਿਚ ਵੀ ਲਿਆ ਜਾ ਰਿਹਾ ਹੈ। ਦੂਜੇ ਪਾਸੇ ਠੇਕਾ ਪ੍ਰਣਾਲੀ ਤਹਿਤ ਨਗਰ ਕੌਂਸਲ ਵਿਚ ਕੰਮ ਕਰਦੇ ਕਰਮਚਾਰੀਆਂ ਦੀ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ ਨੇ ਕਿਹਾ ਕਿ ਪੰਜ ਸਾਲ ਤੋਂ 265 ਕਰਮਚਾਰੀਆਂ ਦੀ ਤਨਖਾਹ ਤਾਂ ਹਰ ਮਹੀਨੇ ਕੱਟ ਲਈ ਜਾਂਦੀ ਰਹੀ ਪਰ ਉਨ੍ਹਾਂ ਦਾ ਨਾਂ ਤਾਂ ਫੰਡ ਜਮ੍ਹਾਂ ਕਰਵਾਇਆ ਗਿਆ ਅਤੇ ਨਾ ਹੀ ਇਲਾਜ ਲਈ ਇਲਾਜ ਲਈ ਕੱਟੇ ਜਾਣ ਵਾਲੇ ਪੈਸੇ ਹੀ ਜਮ੍ਹਾਂ ਹੋਏ ਹਨ। ਕਿਉਕਿ ਉਨ੍ਹਾਂ ਇਸ ਸਬੰਧੀ ਕੋਈ ਰਿਕਾਰਡ ਮੁਹੱਈਆ ਨਹੀਂ ਕਰਵਾਇਆ ਗਿਆ। ਉਨ੍ਹਾਂ ਇਹ ਵੀ ਖਦਸ਼ਾ ਜਿਤਾਇਆ ਕਿ ਸਰੀਰਕ ਤੌਰ ’ਤੇ ਕੰਮ ਕਰਦੇ ਕਰਮਚਾਰੀਆਂ ਤੋਂ ਇਲਾਵ ਫਰਜੀ ਗਿਣਤੀ ਵੀ ਕਰਮਚਾਰੀਆਂ ਦੀ ਬਣਾਈ ਹੋ ਸਕਦੀ ਹੈ।

ਇਸ ਸਬੰਧੀ ਵਿਜੀਲੈਂਸ ਅਧਿਕਾਰੀ ਨੇ ਕਿਹਾ ਕਿ ਵੱਧ ਕਰਮਚਾਰੀਆਂ ਦੀ ਤਨਖਾਹ ਵਸੂਲੀ ਜਾਂਦੀ ਰਹੀ ਹੈ ਜਾਂ ਨਹੀਂ ਇਹ ਵੀ ਜਾਂਚ ਕੀਤੀ ਜਾਵੇਗੀ। ਜਦੋਂਕਿ ਫੰਡ ਜਮ੍ਹਾਂ ਨਾ ਹੋਣ ਬਾਰੇ ਵੀ ਸਬੰਧਤ ਵਿਭਾਗਾਂ ਤੋਂ ਅੰਕੜੇ ਲੈ ਕੇ ਜਾਂਚ ਵਿਚ ਸ਼ਾਮਲ ਕੀਤਾ ਜਾਵੇਗਾ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਕਿ ਨਗਰ ਕੌਂਸਲ ਵਿਚ ਕਿੰਨਾ ਘਪਲਾ ਹੋਣ ਦੀ ਸੰਭਾਵਨਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਜਾਂਚ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ।

Share This :

Leave a Reply