ਉਪ ਚੇਅਰਮੇਨ ਕਿਸ਼ਨ ਚੰਦ ਆਮ ਆਦਮੀ ਪਾਰਟੀ ‘ਚ ਸ਼ਾਮਲ

ਪਟਿਆਲਾ, ਮੀਡੀਆ ਬਿਊਰੋ:

ਪਟਿਆਲਾ ਵਿਚ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਦੀਆਂ ਕੋਸ਼ਿਸ਼ਾਂ ਸਦਕਾ 5 ਵਾਰ ਲਗਾਤਾਰ ਕੌਂਸਲਰ ਬਣਦੇ ਆ ਰਹੇ, ਪਨਸਪ ਦੇ ਉਪ ਚੇਅਰਮੇਨ ਤੇ ਟਕਸਾਲੀ ਕਾਂਗਰਸੀ ਅਤੇ ਸੀਨੀਅਰ ਆਗੂ ਕਿਸ਼ਨ ਚੰਦ ਬੁੱਧੂ ਅੱਜ ਦੇਰ ਸ਼ਾਮ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਕਿਸ਼ਨ ਚੰਦ ਬੁੱਧੂ ਉਹ ਆਗੂ ਹਨ, ਜਿਨ੍ਹਾਂ ਨੇ ਕਾਂਗਰਸ ਸਰਕਾਰ ਹੁੰਦਿਆਂ ਮੋਤੀ ਮਹਿਲ ਨਾਲ ਟੱਕਰ ਲੈ ਕੇ ਰੱਖੀ ਸੀ। ਕਿਸ਼ਨ ਚੰਦ ਪਹਿਲਾਂ ਸਾਲ 1992 ਫਿਰ 1997, 2002, 2007 ਅਤੇ ਫਿਰ 2017 ਵਿਚ ਵੱਡੇ ਫਰਕ ਨਾਲ ਕੌਂਸਲਰ ਚੁਣੇ ਗਏ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਇਕ ਵਾਰ ਤਾਂ ਸਾਬਕਾ ਮੇਅਰ ਅਤੇ ਕਾਂਗਰਸੀ ਉਮੀਦਵਾਰ ਵਿਸ਼ਨੂੰ ਸ਼ਰਮਾ ਨੂੰ ਵੀ ਕੌਂਸਲਰ ਵਜੋਂ ਕਰਾਰੀ ਹਾਰ ਦਿੱਤੀ ਸੀ। ਇਸ ਤੋਂ ਹੁਣ ਜਦੋਂ ਪਟਿਆਲਾ ਸ਼ਹਿਰ ਦੇ ਮੇਅਰ ਦਾ ਮਾਮਲਾ ਗਰਮਾਇਆ ਤਾਂ ਕਿਸ਼ਨ ਚੰਦ ਉਸ ਸਮੇਂ ਮੇਅਰ ਦੀ ਦੌੜ ਵਿਚ ਸਭ ਤੋਂ ਅੱਗੇ ਸਨ ਅਤੇ ਇਸ ਸਮੇਂ ਉਹ ਕਾਂਗਰਸ ਪਾਰਟੀ ਵੱਲੋਂ ਉਮੀਦਵਾਰੀ ਦੇ ਦਾਅਵੇਦਾਰ ਵੀ ਸਨ।

ਪਾਰਟੀ ਵਿਚ ਸ਼ਾਮਲ ਹੁੰਦਿਆਂ ਹੀ ਕਿਸ਼ਨ ਚੰਦ ਨੇ ਕਾਂਗਰਸ ਪਾਰਟੀ ਦੇ ਕਈ ਅੰਦਰੂਨੀ ਪਾਜ਼ ਉਧੇੜੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਕਿਸੇ ਵੀ ਵਰਕਰ ਜਾਂ ਆਗੂ ਦੀ ਪੁੱਛ ਪ੍ਰਤੀਤ ਨਹੀਂ ਹੈ। ਇਸ ਲਈ ਕਾਂਗਰਸ ਪਾਰਟੀ ਵਿਚੋਂ ਟਕਸਾਲੀ ਆਗੂ ਭੱਜਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵੱਡੇ ਆਗੂਆਂ ਨੂੰ ਆਮ ਲੋਕਾਂ ਦੇ ਮੁੱਦਿਆਂ ਦੀ ਕੋਈ ਵੀ ਸਾਰ ਨਹੀਂ ਹੈ, ਸਭ ਆਪੋ ਆਪਣੀਆ ਕੁਰਸੀਆਂ ਨੂੰ ਭੱਜ ਰਹੇ ਹਨ। ਇਸ ਦੌਰਾਨ ਮੈਂਬਰ ਰਾਜ ਸਭਾ ਸੁਸ਼ੀਲ ਗੁਪਤਾ ਨੇ ਕਿਹਾ ਕਿ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਜੋ ਵੀ ਆਗੂ ਆਪ ਵਿਚ ਆ ਰਹੇ ਹਨ, ਉਨ੍ਹਾਂ ਨੂੰ ਪਾਰਟੀ ‘ਚ ਪੂਰਾ ਬਣਦਾ ਮਾਣ ਸਤਿਕਾਰ ਦਿੱਤਾ ਜਾਏਗਾ ਅਤੇ ਉਨ੍ਹਾਂ ਦਾ ਸਨਮਾਨ ਬਹਾਲ ਰੱਖਿਆ ਜਾਵੇਗਾ। ਇਸ ਦੌਰਾਨ ਕੁੰਦਨ ਗੋਗੀਆ, ਮਦਨ ਲਾਲ ਅਰੋੜਾ, ਸ੍ਰੀ ਕੇਕੇ ਸਹਿਗਲ ਅਤੇ ਹੋਰ ਆਗੂ ਵੀ ਹਾਜ਼ਰ ਸਨ।

Share This :

Leave a Reply