ਵੈਟਰਨ ਐਥਲੀਟ ਮਾਨ ਕੌਰ ਦਾ ਦੇਹਾਂਤ

ਚੰਡੀਗੜ੍ਹ (ਮੀਡੀਆ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਵੈਟਰਨ ਐਥਲੀਟ ਮਾਨ ਕੌਰ (105) ਦੇ ਦੇਹਾਂਤ‘ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਜੋ ਕਿ ਡੇਰਾ ਬੱਸੀ ਦੇ ਇਕ ਨਿੱਜੀ ਹਸਪਤਾਲ ਵਿਖੇ ਅਕਾਲ ਚਲਾਣਾ ਕਰ ਗਏ ਸਨ। ਉਹ ਕੈਂਸਰ ਦਾ ਇਲਾਜ ਕਰਾ ਰਹੇ ਸਨ ਅਤੇ ਆਪਣੇ ਪਿੱਛੇ ਦੋ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਆਪਣੇ ਸ਼ੌਕ ਸੁਨੇਹੇ ਵਿੱਚ ਮੁੱਖ ਮੰਤਰੀ ਨੇ ਕਿਹਾ,‘‘ਮੈਂਨੂੰ ਮਾਤਾ ਮਾਨ ਕੌਰ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ, ਜਿਨਾਂ ਨੇ 93 ਸਾਲ ਦੀ ਉਮਰ ਵਿੱਚ ਐਥਲੈਟਿਕਸ ਦੇ ਖੇਤਰ ਵਿਚ ਕਦਮ ਰੱਖਿਆ ਅਤੇ ਦੇਸ਼ ਲਈ ਪ੍ਰਾਪਤੀਆਂ ਕਰਦੇ ਹੋਏ ਸਭਨਾਂ ਵਾਸਤੇ ਇਕ ਆਦਰਸ਼ ਬਣ ਗਏ। ‘‘

ਮੁੱਖ ਮੰਤਰੀ ਨੇ ਦੁਖੀ ਪਾਰਿਵਾਰ, ਸਾਕ-ਸਨੇਹੀਆਂ ਅਤੇ ਦੋਸਤਾਂ ਨਾਲ ਦੁੱਖ ਸਾਂਝਾ ਕਰਦਿਆਂ ਵਾਹਿਗੁਰੂ ਅੱਗੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਜ਼ਿਕਰਯੋਗ ਹੈ ਕਿ ਮਾਤਾ ਮਾਨ ਕੌਰ ਦੇ ਨਾਂ 100 ਸਾਲ ਤੋਂ ਵੱਧ ਉਮਰ ਵਰਗ ਵਿੱਚ ਚਾਰ ਵਿਸ਼ਵ ਰਿਕਾਰਡ ਦਰਜ ਸਨ ਅਤੇ ਉਨਾਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ 35 ਤਮਗੇ ਜਿੱਤੇ ਸਨ। ਉਨਾਂ ਨੂੰ ਰਾਸ਼ਟਰਪਤੀ ਦੁਆਰਾ ‘ਨਾਰੀ ਸ਼ਕਤੀ ਪੁਰਸਕਾਰ‘ ਪ੍ਰਦਾਨ ਕੀਤਾ ਗਿਆ ਸੀ।

ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵਿਸ਼ਵ ਰਿਕਾਰਡ ਤੋੜਨ ਵਾਲੀ 105 ਸਾਲਾ ਐਥਲੀਟ ਬੇਬੇ ਮਾਨ ਕੌਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਕਿਹਾ ਕਿ ਸਭਨਾਂ ਲਈ ਪ੍ਰੇਰਣਾਸਰੋਤ ਬੇਬੇ ਮਾਨ ਕੌਰ ਦੇ ਜਾਣ ਨਾਲ ਖੇਡ ਜਗਤ ਨੂੰ ਵੱਡਾ ਘਾਟਾ ਪਿਆ ਹੈ।

ਭਾਰਤ ਦੀ ਸਭ ਤੋਂ ਬਜ਼ੁਰਗ ਅਥਲੀਟ ਅਤੇ ‘ਮਿਰੈਕਲ ਆਫ਼ ਚੰਡੀਗੜ‘ ਦੇ ਨਾਮ ਨਾਲ ਮਸ਼ਹੂਰ ਬੇਬੇ ਮਾਨ ਕੌਰ ਕੈਂਸਰ ਨਾਲ ਜੂਝ ਰਹੇ ਸਨ ਅਤੇ ਡੇਰਾਬੱਸੀ ਦੇ ਇਕ ਹਸਪਤਾਲ ਵਿੱਚ ਜੇਰੇ-ਇਲਾਜ ਸਨ। ਅੱਜ ਦੁਪਹਿਰ ਸਮੇਂ ਉਨਾਂ ਨੇ ਆਖਰੀ ਸਾਹ ਲਿਆ। ਉਹ ਆਪਣੇ ਪਿੱਛੇ ਦੋ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਆਪਣੇ ਸੋਗ ਸੰਦੇਸ਼ ਵਿੱਚ ਖੇਡ ਮੰਤਰੀ ਨੇ ਦੁਖੀ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਦਿਲੀ ਹਮਦਰਦੀ ਜਾਹਰ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਇਸ ਨਾ ਪੂਰਾ ਹੋਣ ਵਾਲੇ ਘਾਟੇ ਨੂੰ ਸਹਿਣ ਕਰਨ ਲਈ ਪਰਿਵਾਰਕ ਮੈਂਬਰਾਂ ਅਤੇ ਸਕੇ ਸਬੰਧੀਆਂ ਨੂੰ ਬਲ ਬਖਸ਼ਣ ਅਤੇ ਵਿਛੜੀ ਰੂਹ ਨੂੰ ਸ਼ਾਂਤੀ ਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।

Share This :

Leave a Reply