ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਸਟੇਟ ‘ਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ (ਸੀ. ਐੱਸ. ਯੂ.) ਨੇ ਵੀ ਹੁਣ ਸਾਰੇ ਵਿਦਿਆਰਥੀਆਂ ਅਤੇ ਸਟਾਫ ਨੂੰ ਕੋਰੋਨਾ ਵੈਕਸੀਨ ਲਗਵਾਉਣੀ ਜ਼ਰੂਰੀ ਕੀਤੀ ਹੈ। ਅਮਰੀਕਾ ਦੀ ਇਸ ਪ੍ਰਮੁੱਖ ਪਬਲਿਕ ਯੂਨੀਵਰਸਿਟੀ ਸੀ. ਐੱਸ. ਯੂ. ਨੇ ਮੰਗਲਵਾਰ ਵਾਇਰਸ ਦੀ ਲਾਗ ਤੋਂ ਸੁਰੱਖਿਆ ਲਈ ਇਸ ਕਦਮ ਦਾ ਐਲਾਨ ਕੀਤਾ ਹੈ। ਯੂਨੀਵਰਸਿਟੀ ਅਨੁਸਾਰ, ਜੋ ਵਿਦਿਆਰਥੀ ਇਹ ਟੀਕਾ ਲਗਵਾਉਣਾ ਨਹੀਂ ਚਾਹੁੰਦੇ, ਉਹ ਸੀਮਤ ਸਮੇਂ ਲਈ ਵਰਚੁਅਲ ਕਲਾਸਾਂ ਲੈ ਸਕਦੇ ਹਨ।
ਸੀ. ਐੱਸ. ਯੂ. ਦੇ ਚਾਂਸਲਰ ਜੋਸਫ ਆਈ. ਕਾਸਤਰੋ ਅਨੁਸਾਰ ਡੈਲਟਾ ਵੇਰੀਐਂਟ ਦੇ ਫੈਲਣ ਕਾਰਨ ਕੋਰੋਨਾ ਦੇ ਮਾਮਲਿਆਂ ‘ਚ ਮੌਜੂਦਾ ਵਾਧਾ ਚਿੰਤਾਜਨਕ ਹੈ । ਇਸ ਲਈ ਕੈਂਪਸ ‘ਚ ਆਉਣ ਵਾਲੇ ਵਿਦਿਆਰਥੀਆਂ, ਕਰਮਚਾਰੀਆਂ ਅਤੇ ਸੈਲਾਨੀਆਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ। ਇਸ ਯੂਨੀਵਰਸਿਟੀ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ 30 ਸਤੰਬਰ ਤੱਕ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ।