ਅਮਰੀਕਾ : ਕੈਲੀਫੋਰਨੀਆ ਦੇ ਗਵਰਨਰ ਨੇ 2015 ‘ਚ ਹੋਏ ਕਤਲ ਸਬੰਧੀ ਕੀਤਾ ਵੱਡਾ ਐਲਾਨ

ਫਰਿਜ਼ਨੋ, ਕੈਲੀਫੋਰਨੀਆ: (ਗੁਰਿੰਦਰਜੀਤ ਨੀਟਾ ਮਾਛੀਕੇ)ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਦੇ ਦਫਤਰ ਵੱਲੋਂ ਬੁੱਧਵਾਰ ਨੂੰ ਐਵਨਲ ‘ਚ ਛੇ ਸਾਲ ਪਹਿਲਾਂ ਇੱਕ ਵਿਅਕਤੀ ਦੇ ਅਣਸੁਲਝੇ ਹੋਏ ਕਤਲ ਦੀ ਜਾਣਕਾਰੀ ਦੇਣ ਵਾਲੇ ਲਈ 50,000 ਡਾਲਰ ਦਾ ਇਨਾਮ ਰੱਖਿਆ ਗਿਆ ਹੈ।

ਐਵਨਲ ਪੁਲਸ ਨੇ ਇਸ ਕਤਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਫਰਵਰੀ, 2015 ਨੂੰ ਸ਼ਾਮ 7 ਵਜੇ ਦੇ ਕਰੀਬ, 31 ਸਾਲਾ ਵਿਅਕਤੀ ਸੈਂਟੋਸ ਕੈਬਰੇਰਾ ਈਸਟ ਸਟੈਨਿਸਲਸ ਦੇ 400 ਬਲਾਕ ‘ਚ ਆਪਣੇ ਟਰੱਕ ਵੱਲ ਜਾ ਰਿਹਾ ਸੀ ਤਾਂ ਕਿਸੇ ਨੇ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ‘ਚ ਉਸ ਦੀ ਮੌਤ ਹੋ ਗਈ ਸੀ।

ਇਸ ਹਮਲੇ ਤੋਂ ਬਾਅਦ ਹਮਲਾਵਰ ਆਪਣੇ ਵਾਹਨ ਸਮੇਤ ਭੱਜ ਗਿਆ ਸੀ। ਕੈਬਰੇਰਾ ਤਿੰਨ ਬੱਚਿਆਂ ਦਾ ਪਿਤਾ ਸੀ ਅਤੇ ਉਸ ਦੇ ਕਤਲ ਦੀ ਘਟਨਾ ਅਜੇ ਤੱਕ ਅਣਸੁਲਝੀ ਹੈ। ਇਸ ਘਟਨਾ ਬਾਰੇ ਜਾਣਕਾਰੀ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਐਵਨਲ ਪੁਲਸ ਵਿਭਾਗ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ। ਜਿਸ ਲਈ ਗਵਰਨਰ ਦੇ ਕਰਾਈਮ ਟਿਪ ਰਿਵਾਰਡ ਪ੍ਰੋਗਰਾਮ ਦੇ ਹਿੱਸੇ ਵਜੋਂ 50,000 ਡਾਲਰ ਦਾ ਇਨਾਮ ਦਿੱਤਾ ਜਾਵੇਗਾ।

Share This :

Leave a Reply