ਨਵੀਂ ਦਿੱਲੀ (ਮੀਡੀਆ ਬਿਊਰੋ) ਭਾਰਤ ’ਚ ਅਮਰੀਕੀ ਦੂਤਘਰ ਜੁਲਾਈ ਅਤੇ ਅਗਸਤ ’ਚ ਵੱਧ ਤੋਂ ਵੱਧ ਸਟੂਡੈਂਟ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਦੀ ਯਾਤਰਾ ਨੂੰ ਸੌਖਾ ਬਣਾਉਣਾ ਉਨ੍ਹਾਂ ਦੀ ਪਹਿਲ ਹੈ। ਦੂਤਘਰ ਨੇ ਕਿਹਾ ਕਿ ਉਹ ਸੋਮਵਾਰ (14 ਜੂਨ) ਤੋਂ ਭਾਰਤੀ ਵਿਦਿਆਰਤੀਆਂ ਨੂੰ ਇੰਟਰਵਿਊ ਦਾ ਸਲਾਟ ਦੇਣਾ ਸ਼ੁਰੂ ਕਰੇਗਾ।
ਅਮਰੀਕੀ ਦੂਤਘਰ ’ਚ ਵਣਜ ਮਾਮਲਿਆਂ ਦੇ ਅਧਿਕਾਰੀ ਡਾਨ ਹੇਫਲਿਨ ਨੇ ਇਹ ਵੀ ਕਿਹਾ ਕਿ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਨੂੰ ਦੇਸ਼ ’ਚ ਐਂਟਰੀ ਲਈ ਟੀਕਾਕਰਨ ਦੇ ਕਿਸੇ ਸਬੂਤ ਜਾਂ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੋਵੇਗੀ। ਉਨ੍ਹਾਂ ਨੂੰ ਆਪਣੀ ਯਾਤਰਾ ਦੇ ਸਮੇਂ ਤੋਂ 72 ਘੰਟੇ ਅੰਦਰ ਕਰਵਾਈ ਗਈ ਕੋਰੋਨਾ ਜਾਂਚ ਦੀ ਨੈਗੇਟਿਵ ਰਿਪੋਰਟ ਦੀ ਜ਼ਰੂਰਤ ਹੋਵੇਗੀ।
ਕੋਰੋਨਾ ਵਾਇਰਸ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਦੇ ਮੱਦੇਨਜ਼ਰ ਉੱਚ ਸਿੱਖਿਆ ਲਈ ਅਮਰੀਕਾ ਜਾਣ ਦੇ ਇਛੁੱਕ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਸਬੰਧੀ ਇੰਟਰਵਿਊ ਦਾ ਸਮਾਂ ਹਾਸਲ ਕਰਨ ’ਚ ਪਰੇਸ਼ਾਨੀ ਹੋਣ ਨਾਲ ਉਨ੍ਹਾਂ ਦੀ ਚਿੰਤਾ ਵੱਧ ਰਹੀ ਹੈ। ਹੇਫਲਿਨ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੋਏ ਤਣਾਅ ਅਤੇ ਚਿੰਤਾ ਬਾਰੇ ਸਾਨੂੰ ਪਤਾ ਹੈ ਅਤੇ ਅਸੀਂ ਜੁਲਾਈ ਤੇ ਅਗਸਤ ’ਚ ਸਟੂਡੈਂਟ ਵੀਜ਼ਾ ਲਈ ਅਪਲਾਈ ਕਰਨ ਵਾਲਿਆਂ ਲਈ ਪੂਰੀ ਸਰਗਰਮੀ ਨਾਲ ਕੰਮ ਕਰ ਰਹੇ ਹਾਂ।