ਅਮਰੀਕਾ ਯੁਕਰੇਨ ਉਪਰ ਰੂਸ ਦੇ ਸੰਭਾਵੀ ਹਮਲੇ ਦਾ ਹਰ ਤਰਾਂ ਜਵਾਬ ਦੇਣ ਲਈ ਤਿਆਰ-ਬਾਈਡਨ

ਕਿਹਾ-ਅਜੇ ਵੀ ਮਸਲੇ ਦੇ ਕੂਟਨੀਤਿਕ ਹੱਲ ਦੀ ਸੰਭਾਵਨਾ ਮੌਜੂਦ

ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵਾਈਟ ਹਾਊਸ ਵਿਚ ਅਮਰੀਕੀਆਂ ਨੂੰ ਸੰਬੋਧਨ ਕਰਨ ਲਈ ਆਉਂਦੇ ਹੋਏ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਯੁਕਰੇਨ ਵਿਚਲੀ ਸਥਿੱਤੀ ਬਾਰੇ ਅਮਰੀਕੀਆਂ ਨੂੰ ਪਹਿਲੀ ਵਾਰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਹਾਲਾਤ ਨਾਲ ਨਜਿੱਠਣ ਲਈ ਹਰ ਤਰਾਂ ਤਿਆਰ ਹੈ। ਯੁਕਰੇਨ ਵਿਚਲੇ ਘਟਨਾਕ੍ਰਮ ਬਾਰੇ ਦਿਨ ਭਰ ਜਾਰੀ ਰਹੀ ਗੱਲਬਾਤ ਦਰਮਿਆਨ ਰਾਸ਼ਟਰਪਤੀ ਨੇ ਵਾਈਟ ਹਾਊਸ ਤੋਂ ਆਪਣੇ ਸੰਬੋਧਨ ਵਿਚ ਕਿਹਾ “ਅਸੀਂ ਕੂਟਨੀਤਿਕ ਢੰਗ ਤਰੀਕੇ ਰਾਹੀਂ ਮਸਲੇ ਦਾ ਹੱਲ ਕੱਢਣ ਲਈ ਤਿਆਰ ਹਾਂ ਇਸ ਦੇ ਨਾਲ ਹੀ ਅਸੀਂ ਯੁਕਰੇਨ ਉਪਰ ਰੂਸ ਦੇ ਸੰਭਾਵੀ ਹਮਲੇ ਦਾ ਨਿਰਣਾਇਕ ਜਵਾਬ ਦੇਣ ਲਈ ਵੀ ਤਿਆਰ ਹਾਂ। ” ਬਾਈਡਨ ਨੇ ਕਿਹਾ ਕਿ ਮਸਲੇ ਦਾ ਕੂਟਨੀਤਿਕ ਹੱਲ ਲਭਿਆ ਜਾ ਸਕਦਾ ਹੈ ਤੇ ਇਹ ਢੰਗ ਤਰੀਕਾ ਹੀ ਸਾਡੀਆਂ ਸੁਰੱਖਿਆ ਚਿੰਤਾਵਾਂ ਨੂੰ ਹੱਲ ਕਰਨ ਦਾ ਅਸਲ ਰਾਹ ਹੈ।

ਬਾਈਡਨ ਨੇ ਕਿਹਾ ਅਸੀਂ ਹੱਥਿਆਰਾਂ ਉਪਰ ਨਿਯੰਤਰਣ ਕਰਨ ਤੇ ਰਣਨੀਤਿਕ ਸਥਿੱਰਤਾ ਲਈ ਨਵੇਂ ਪਾਰਦਰਸ਼ੀ ਕਦਮ ਚੁੱਕੇ ਰਹੇ ਹਾਂ। ਇਹ ਨਵੇਂ ਮਾਪ ਦੰਡ ਰੂਸ ਤੇ ਨਾਟੋ ਦੋਨਾਂ ਉਪਰ ਲਾਗੂ ਹੋਣਗੇ। ਬਾਈਡਨ ਨੇ ਜੋਰ ਦੇ ਕੇ ਕਿਹਾ ਕਿ ਅਮਰੀਕਾ ਕਿਸੇ ਦੇਸ਼ ਦੀ ਪ੍ਰਭੂਸਤਾ ਬਰਕਰਾਰ ਰੱਖਣ ਤੇ ਉਸ ਵੱਲੋਂ ਕਿਸੇ ਵੀ ਨਾਲ ਜੁੜਨ ਦੇ ਅਧਿਕਾਰ ਸਮੇਤ ਬੁਨਿਆਦੀ ਸਿਧਾਂਤਾਂ ਦੀ ਕੁਰਬਾਨੀ ਕਰਨ ਲਈ ਤਿਆਰ ਨਹੀਂ ਹੈ ਪਰੰਤੂ ਅਜੇ ਵੀ ਕੂਟਨੀਤਿਕ ਗੱਲਬਾਤ ਤੇ ਹਾਲਾਤ ਨੂੰ ਸੁਖਾਵਾਂ ਮੋੜ ਦੇਣ ਦੀ ਸੰਭਾਵਨਾ ਮੌਜੂਦ ਹੈ। ਬਾਈਡਨ ਵੱਲੋਂ ਸੰਬੋਧਨ ਕਰਨ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਜਿਹੇ ਸੰਕੇਤ ਦਿੱਤੇ ਸਨ ਜਿਸ ਤੋਂ ਰੂਸ ਦੁਆਰਾ ਯੁਕਰੇਨ ਉਪਰ ਹਮਲੇ ਦਾ ਖਦਸ਼ਾ ਪੈਦਾ ਹੋ ਗਿਆ ਹੈ। ਇਥੇ ਜਿਕਰਯੋਗ ਹੈ ਕਿ ਮਾਸਕੋ ਨੇ ਕਿਹਾ ਹੈ ਕਿ ਉਹ ਯੁਕਰੇਨ ਤੇ ਹੋਰ ਸਾਬਕਾ ਸੋਵੀਅਤ ਯੁਨੀਅਨ ਤੋਂ ਵੱਖ ਹੋਏ ਦੇਸ਼ਾਂ ਨੂੰ ਨਾਟੋ ਦੇ ਫੌਜੀ ਗਠਜੋੜ ਵਿਚ ਸ਼ਾਮਿਲ ਨਹੀਂ ਹੋਣ ਦੇਵੇਗਾ। ਮਾਸਕੋ ਇਹ ਵੀ ਚਹੁੰਦਾ ਹੈ ਕਿ ਨਾਟੋ ਯੁਕਰੇਨ ਵਿਚ ਹਥਿਆਰਾਂ ਨੂੰ ਵਿਕਸਤ ਕਰਨਾ ਬੰਦ ਕਰੇ ਤੇ ਪੂਰਬੀ ਯੂਰਪ ਵਿਚੋਂ ਆਪਣੀਆਂ ਫੋਰਸਾਂ ਵਾਪਿਸ ਬੁਲਾਵੇ।

Share This :

Leave a Reply