ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਗਲੇ ਹਫਤੇ ਜੀ 7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਯੂਕੇ ਆ ਰਹੇ ਹਨ। ਇਸ ਸਬੰਧੀ ਬਕਿੰਘਮ ਪੈਲੇਸ ਨੇ ਵੀਰਵਾਰ ਨੂੰ ਦੱਸਿਆ ਹੈ ਕਿ ਦੌਰੇ ਦੌਰਾਨ ਜੋਅ ਬਾਈਡੇਨ ਮਹਾਰਾਣੀ ਐਲਿਜ਼ਾਬੈਥ ਨਾਲ ਮੁਲਾਕਾਤ ਕਰਨਗੇ। 95 ਸਾਲਾਂ ਮਹਾਰਾਣੀ ਕੋਰਨਵਾਲ ਦੇ ਸਮੁੰਦਰੀ ਕੰਢੇ ‘ਤੇ ਹੋਣ ਵਾਲੇ ਵਾਲੇ ਖੇਤਰ ਸੰਮੇਲਨ ਦੇ ਅਖੀਰ ਵਿੱਚ ਐਤਵਾਰ 13 ਜੂਨ 2021 ਨੂੰ ਵਿੰਡਸਰ ਕੈਸਲ ਵਿਖੇ ਅਮਰੀਕੀ ਰਾਸ਼ਟਰਪਤੀ ਅਤੇ ਉਹਨਾਂ ਦੀ ਪਤਨੀ ਜਿਲ ਬਾਈਡੇਨ ਦਾ ਸਵਾਗਤ ਕਰਨਗੇ।
78 ਸਾਲਾਂ ਜੋਅ ਬਾਈਡੇਨ ਰਾਣੀ ਨਾਲ ਮੁਲਾਕਾਤ ਕਰਨ ਵਾਲੇ ਅਮਰੀਕਾ ਦੇ 12 ਵੇਂ ਰਾਸ਼ਟਰਪਤੀ ਹੋਣਗੇ। ਜੋਅ ਬਾਈਡੇਨ ਕੋਰੋਨਾ ਵਾਇਰਸ ਪਾਬੰਦੀਆਂ ਤੋਂ ਬਾਅਦ 11 ਤੋਂ 13 ਜੂਨ ਦੇ ਵਿਚਕਾਰ ਕੋਰਨਵਾਲ ਵਿੱਚ ਜੀ -7 ਸੰਮੇਲਨ ਲਈ ਪਹਿਲੀ ਵਾਰ ਵਿਅਕਤੀਗਤ ਤੌਰ ‘ਤੇ ਵਿਦੇਸ਼ ਵਿੱਚ ਸ਼ਿਰਕਤ ਕਰਨਗੇ।
ਇਸ ਤੋਂ ਪਹਿਲਾਂ ਮਹਾਰਾਣੀ ਨੇ ਡੋਨਾਲਡ ਟਰੰਪ ਅਤੇ ਮੇਲਾਨੀਆ ਟਰੰਪ ਨਾਲ 2019 ਵਿੱਚ ਬਕਿੰਘਮ ਪੈਲੇਸ ਵਿੱਚ ਮੁਲਾਕਾਤ ਕੀਤੀ ਸੀ, ਜਦਕਿ ਪਹਿਲੀ ਵਾਰ 1951 ਵਿੱਚ ਰਾਜਕੁਮਾਰੀ ਐਲਿਜ਼ਾਬੇਥ ਨੇ ਅਮਰੀਕੀ ਰਾਸ਼ਟਰਪਤੀ ਹੈਰੀ ਐਸ ਟਰੂਮਨ ਨਾਲ ਮੁਲਾਕਾਤ ਕੀਤੀ ਸੀ। ਮਹਾਰਾਣੀ ਐਲਿਜਾਬੈਥ ਆਪਣੀ ਸ਼ਾਹੀ ਜਿੰਦਗੀ ਵਿੱਚ ਲੀਨਡਨ ਬੀ. ਜਾਨਸਨ ਨੂੰ ਛੱਡ ਕੇ, ਅਮਰੀਕਾ ਦੇ ਸਾਰੇ ਰਾਸ਼ਟਰਪਤੀਆਂ ਨੂੰ ਮਿਲ ਚੁੱਕੀ ਹੈ। ਜਿਕਰਯੋਗ ਹੈ ਕਿ ਇਸ ਸਾਲ ਯੂਕੇ ਦੁਆਰਾ ਆਯੋਜਿਤ ਕੀਤੇ ਜਾਣ ਵਾਲੇ ਜੀ 7 ਸਿਖਰ ਸੰਮੇਲਨ ਵਿੱਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇ ਪ੍ਰਤੀਨਿਧ ਸ਼ਾਮਲ ਹੋਣਗੇ।