ਅਮਰੀਕਾ (ਮੀਡੀਆ ਬਿਊਰੋ) ਈਰਾਨ ਦੇ ਰਾਸ਼ਟਰਪਤੀ ਅਹੁਦੇ ਦੇ ਇਕ ਉਮੀਦਵਾਰ ਨੇ ਬੁੱਧਵਾਰ ਕਿਹਾ ਕਿ ਜੇ ਅਗਲੇ ਹਫ਼ਤੇ ਹੋਣ ਵਾਲੀਆਂ ਚੋਣਾਂ ‘ਚ ਉਹ ਜਿੱਤ ਜਾਂਦਾ ਹੈ ਤਾਂ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੂੰ ਮਿਲਣਾ ਚਾਹੇਗਾ। ਈਰਾਨੀ ਸੈਂਟਰਲ ਬੈਂਕ ਦੇ ਸਾਬਕਾ ਮੁਖੀ ਅਬਦੁਲ ਨਾਸਿਰ ਹਿੰਮਤੀ ਨੇ ਐਸੋਸੀਏਟਿਡ ਪ੍ਰੈੱਸ ਨਾਲ ਗੱਲਬਾਤ ਦੌਰਾਨ ਜ਼ੋਰ ਦੇ ਕੇ ਕਿਹਾ ਕਿ ਮੱਧ-ਪੂਰਬ ‘ਚ ਵੱਡੀ ਪੱਧਰ ‘ਤੇ ਤਣਾਅ ਵਿਚਕਾਰ ਈਰਾਨ ਦੇ ਨਾਲ ਕਿਸੇ ਵੀ ਸੰਭਾਵਿਤ ਸਬੰਧ ਲਈ ਅਮਰੀਕਾ ਦਾ ਅੱਧ-ਵਿਚਾਲੇ ਲਟਕੇ ਪ੍ਰਮਾਣੂ ਸਮਝੌਤੇ ‘ਤੇ ਵਾਪਸੀ ਕਰਨਾ ਮਹੱਤਵਪੂਰਨ ਹੋਵੇਗਾ।
ਉਨ੍ਹਾਂ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਬਾਈਡੇਨ ਵਾਲੇ ਪਾਸਿਓਂ ਅਸੀਂ ਹੁਣ ਤਕ ਕੁਝ ਗੰਭੀਰ ਚੀਜ਼ ਨਹੀਂ ਵੇਖੀ ਹੈ। ਉਨ੍ਹਾਂ (ਅਮਰੀਕਾ) ਨੂੰ ਪਹਿਲੇ ਪ੍ਰਮਾਣੂ ਸਮਝੌਤੇ ‘ਤੇ ਵਾਪਸ ਜਾਣਾ ਚਾਹੀਦਾ ਹੈ, ਜਿਥੋਂ ਉਹ ਵਾਪਸ ਹਟ ਗਏ ਸਨ। ਜੇ ਅਸੀਂ ਪ੍ਰਕਿਰਿਆ ਨੂੰ ਵਧੇਰੇ ਵਿਸ਼ਵਾਸ ਵਧਾਉਂਦੇ ਹੋਏ ਵੇਖਦੇ ਹਾਂ ਤਾਂ ਅਸੀਂ ਉਸ ਬਾਰੇ ਗੱਲ ਕਰ ਸਕਦੇ ਹਾਂ।’
ਈਰਾਨ ‘ਚ ਰਾਸ਼ਟਰਪਤੀ ਦੀ ਚੋਣ 18 ਜੂਨ ਨੂੰ ਹੋਵੇਗੀ ਅਤੇ ਹਿੰਮਤੀ ਉਨ੍ਹਾਂ 7 ਉਮੀਦਵਾਰਾਂ ‘ਚੋਂ ਇਕ ਹੈ, ਜਿਨ੍ਹਾਂ ਦੀ ਨਾਮਜ਼ਦਗੀ ਨੂੰ ਮਨਜ਼ੂਰੀ ਮਿਲ ਗਈ ਹੈ। ਹਿੰਮਤੀ ਨੇ ਕਿਹਾ ਕਿ ਉਹ ਬਾਈਡੇਨ ਨੂੰ ਮਿਲਣਾ ਚਾਹੁੰਦੇ ਹਨ, ਜੇ ਉਹ ਚੋਣ ਜਿੱਤ ਜਾਂਦੇ ਹਨ। ਹਾਲਾਂਕਿ ਅਮਰੀਕਾ ਨੂੰ ਇਸਲਾਮਿਕ ਰਿਪਬਲਿਕ ਪ੍ਰਤੀ ‘ਇੱਕ ਬਿਹਤਰ ਅਤੇ ਮਜ਼ਬੂਤ ਸੰਕੇਤ’ ਭੇਜਣ ਦੀ ਜ਼ਰੂਰਤ ਹੋਵੇਗੀ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਹਿੰਮਤੀ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਦੇ ਮਨਪਸੰਦ ਕੱਟੜਪੰਥੀ ਨਿਆਂ ਮੁਖੀ ਇਬਰਾਹਿਮ ਰਾਇਸੀ ਤੋਂ ਪਿੱਛੇ ਹਨ।