ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਅਮਰੀਕੀ ਰਾਜਧਾਨੀ ਉਪਰ ਹਮਲੇ ਦੀ ਵਰ੍ਹੇ ਗੰਢ ਮੌਕੇ ਟਰੰਪ ਉਪਰ ਕੀਤੇ ਤਾਬੜਤੋੜ ਹਮਲੇ

ਕਿਹਾ ਸਾਬਕਾ ਰਾਸ਼ਟਰਪਤੀ ਲੋਕਤੰਤਰ ਲਈ ਖਤਰਾ

ਅਮਰੀਕਾ ਦੀ ਰਾਜਧਾਨੀ ਵਿਚ 6 ਜਨਵਰੀ 2021 ਨੂੰ ਹੋਏ ਹਮਲੇ ਦੀ ਇਕ ਫਾਇਲ ਤਸਵੀਰ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋ ਬਾਈਡਨ ਨੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਪਿਛਲੇ ਸਾਲ ਕੀਤੇ ਗਏ ਹਮਲੇ ਦੀ ਵਰ੍ਹੇਗੰਢ ਮੌਕੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਉਪਰ ਤਿੱਖੇ ਸ਼ਬਦੀ ਹਮਲੇ ਕਰਦਿਆਂ ਉਸ ਨੂੰ ਲੋਕਤੰਤਰ ਲਈ ਖਤਰਾ ਕਰਾਰ ਦਿੱਤਾ। ਰਾਜਧਾਨੀ ਉਪਰ ਹੋਏ ਹਮਲੇ ਦੀ ਵਰ੍ਹੇਗੰਢ ਮੌਕੇ ਬਾਈਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਸਾਬਕਾ ਰਾਸ਼ਟਰਪਤੀ ਦੀ ਹਿੰਸਾ ਨੂੰ ਉਕਸਾਉਣ ਲਈ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਤੇ ਐਲਾਨ ਕੀਤਾ ਕਿ ਕਿਸੇ ਵੀ ਹਾਲਤ ਵਿਚ ਲੋਕਤੰਤਰ ਵਿਰੋਧੀ ਤਾਕਤਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। 6 ਜਨਵਰੀ 2021 ਜਿਸ ਦਿਨ 2020 ਦੀਆਂ ਚੋਣਾਂ ਵਿਚ ਬਾਈਡਨ ਦੀ ਜਿੱਤ ਦੀ ਕਾਂਗਰਸ ਨੇ ਪੁਸ਼ਟੀ ਕੀਤੀ ਸੀ, ਨੂੰ ਯਾਦ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਲੋਕਤੰਤਰ ਵਿੱਚ ਅੜਿਕਾ ਪਾਇਆ ਗਿਆ, ਅਸੀਂ ਲੋਕਾਂ ਨੇ ਝਲਿਆ ਤੇ ਜਿੱਤ ਸਾਡੀ ਹੋਈ।

ਬਾਈਡਨ ਨੇ ਕਿਹਾ ਉਹ ਦੇਸ਼ ਖਾਤਿਰ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ ਤੇ ਪਿੱਛੇ ਨਹੀਂ ਹਟੇਗਾ। ਉਨ੍ਹਾਂ ਕਿਹਾ ਮੈ ਰਾਸ਼ਟਰ ਦੀ ਰਖਿਆ ਕਰਾਂਗਾ ਤੇ ਕਿਸੇ ਨੂੰ ਵੀ ਲੋਕਤੰਤਰ ਦਾ ਕਤਲ ਕਰਨ ਦੀ ਇਜਾਜ਼ਤ ਨਹੀਂ ਦੇਵਾਂਗਾ। ਰਾਸ਼ਟਰਪਤੀ ਦੇ ਸੰਬੋਧਨ ਉਪਰੰਤ ਡੈਮੋਕਰੈਟਿਕ ਸੰਸਦ ਮੈਂਬਰਾਂ ਨੇ ਰਾਜਧਾਨੀ ‘ਤੇ ਹਮਲੇ ਦੀ ਵਰ੍ਹੇਗੰਢ ਮਨਾਈ ਤੇ ਕੌੜੀਆਂ ਕੁਸੈਲੀਆਂ ਯਾਦਾਂ ਨੂੰ ਤਾਜਾ ਕੀਤਾ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਸੰਸਦ ਮੈਂਬਰ ਜੈਮੀ ਬਾਸਕਿਨ, ਪਰਾਮਿਲਾ ਜੈਪਾਲ, ਐਲੀਨਰ ਨੋਰਟਨ, ਵੈਰੋਨਿਸਾ ਐਸਕੋਬਰ ਤੇ ਸੈਨਟ ਮੈਂਬਰ ਕ੍ਰਿਸ ਵੈਨ ਹੋਲਨ ਸ਼ਾਮਿਲ ਸਨ। ਇਸ ਸਮਾਗਮ ਦਾ ਆਯੋਜਨ ਸਾਂਝੇ ਤੌਰ ‘ਤੇ ਅਮੈਰੀਕਨ ਵੇਅ ਤੇ ਪਬਲਿਕ ਸਿਟੀਜ਼ਨ ਗੈਰ ਮੁਨਾਫਾ ਸਮਾਜਿਕ ਸੰਸਥਾਵਾਂ ਵੱਲੋਂ ਕੀਤਾ ਗਿਆ ਸੀ। ਇਥੇ ਜਿਕਰਯੋਗ ਹੈ ਕਿ ਨਵੰਬਰ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਉਲਟਾਉਣ ਲਈ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਰਥਕਾਂ ਨੇ ਅਮਰੀਕੀ ਕਾਂਗਰਸ ਉਪਰ ਧਾਵਾ ਬੋਲ ਦਿੱਤਾ ਸੀ ਜਿਸ ਦੌਰਾਨ 5 ਮੌਤਾਂ ਹੋਈਆਂ ਸਨ ਤੇ ਸੈਂਕੜੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਹਿੰਸਾ ਨੂੰ ਉਕਸਾਉਣ ਲਈ ਸਾਬਕਾ ਰਾਸ਼ਟਰਪਤੀ ਵਿਰੁੱਧ ਦੂਸਰੀ ਵਾਰ ਮਹਾਂਦੋਸ਼ ਲਾਇਆ ਗਿਆ ਸੀ ਹਾਲਾਂ ਕਿ ਪਿਛਲੇ ਸਾਲ ਫਰਵਰੀ ਵਿਚ ਸੈਨੇਟ ਨੇ ਸਾਬਕਾ ਰਾਸ਼ਟਰਪਤੀ ਨੂੰ ਬਰੀ ਕਰ ਦਿੱਤਾ ਸੀ।

Share This :

Leave a Reply