ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਵਿਸ਼ਵ ਭਰ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਕੋਪ ਦਰਮਿਆਨ ਟਰੰਪ ਪ੍ਰਸ਼ਾਸਨ ਨੇ ਰਸਮੀ ਤੌਰ ‘ਤੇ ਵਿਸ਼ਵ ਸਿਹਤ ਸੰਗਠਨ ਨਾਲੋਂ ਨਾਤਾ ਤੋੜਨਾ ਸ਼ੁਰੂ ਕਰ ਦਿੱਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਿਸ਼ਵ ਸਿਹਤ ਸੰਗਠਨ ਤੋਂ ਵੱਖ ਹੋਣ ਦੇ ਕੀਤੇ ਐਲਾਨ ਤੋਂ ਇਕ ਮਹੀਨੇ ਦੇ ਵਧ ਸਮੇ ਬਾਅਦ ਇਸ ਸਬੰਧੀ ਕਾਂਗਰਸ ਨੂੰ ਰਸਮੀ ਨੋਟੀਫੀਕੇਸ਼ਨ ਬੀਤੇ ਦਿਨ ਮਿਲਿਆ। ਵਾਈਟ ਹਾਊਸ ਨੇ ਕਿਹਾ ਹੈ ਕਿ ਇਹ ਨਿਰਨਾ 6 ਜੁਲਾਈ 2021 ਨੂੰ ਲਾਗੂ ਹੋਵੇਗਾ।
ਦੂਸਰੇ ਪਾਸੇ ਡੈਮੋਕਰੇਟਸ ਨੇ ਕਿਹਾ ਹੈ ਕਿ ਇਹ ਨਿਰਨਾ ਗੈਰਜਿੰਮੇਵਾਰੀ ਵਾਲਾ ਤੇ ਅਣਉਚਿੱਤ ਹੈ। ਇਹ ਨਿਰਨਾ ਉਸ ਸਮੇ ਲਿਆ ਗਿਆ ਹੈ ਜਦੋਂ ਕੋਰੋਨਾ ਮਹਾਮਾਰੀ ਦੇ ਮੱਦੇਨਜਰ ਕੌਮਾਂਤਰੀ ਪੱਧਰ ਉਪਰ ਸਹਿਯੋਗ ਦੀ ਲੋੜ ਹੈ। ਸੈਨੇਟ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਚੋਟੀ ਦੇ ਡੈਮੋਕਰੇਟ ਆਗੂ ਬੌਬ ਮੈਨਨਡੇਜ਼ ਨੇ ਕਿਹਾ ਹੈ ਕਿ ”ਇਸ ਨਾਲ ਅਮਰੀਕੀ ਲੋਕਾਂ ਦੀਆਂ ਜਾਨਾਂ ਬਚਾਉਣ ‘ਚ ਮੱਦਦ ਨਹੀਂ ਮਿਲੇਗੀ। ਬਿਮਾਰ ਅਮਰੀਕੀ ਤੇ ਅਮਰੀਕਾ ਇਕੱਲੇ ਰਹਿ ਜਾਣਗੇ।” ਉਨਾਂ ਟਵੀਟ ਕੀਤਾ ਹੈ ਕਿ ਰਾਸ਼ਟਰਪਤੀ ਦੀ ਕੋਵਿਡ-19 ਪ੍ਰਤੀ ਅਪ੍ਰਸੰਗਿਕ ਪਹੁੰਚ ਹੈ। ਉਨਾਂ ਨੇ ਨਿਆਂ ਨਹੀਂ ਕੀਤਾ। ਰਾਸ਼ਟਰਪਤੀ ਅਹੁੱਦੇ ਲਈ ਡੈਮੋਕਰੇਟ ਉਮੀਦਵਾਰ ਜੋਅ ਬਿਡੇਨ ਨੇ ਐਲਾਨ ਕੀਤਾ ਹੈ ਕਿ ਜੇਕਰ ਉਹ ਚੋਣ ਜਿੱਤ ਗਏ ਤਾਂ ਅਮਰੀਕਾ ਤੁੰਰਤ ਵਿਸ਼ਵ ਸਿਹਤ ਸੰਗਠਨ ਵਿਚ ਮੁੜ ਸ਼ਾਮਿਲ ਹੋ ਜਾਵਗੇ। ਸਾਬਕਾ ਉੱਪ ਰਾਸ਼ਟਰਪਤੀ ਨੇ ਟਵੀਟ ਕੀਤਾ ਹੈ ਕਿ ”ਵਿਸ਼ਵਵਿਆਪੀ ਸਿਹਤ ਵਿਵਸਥਾ ਮਜ਼ਬੂਤ ਕਰਨ ਨਾਲ ਹੀ ਅਮਰੀਕੀ ਸੁਰੱਖਿਅਤ ਹੋਣਗੇ। ਰਾਸ਼ਟਰਪਤੀ ਵਜੋਂ ਪਹਿਲੇ ਦਿਨ ਮੈ ਵਿਸ਼ਵ ਸਿਹਤ ਸੰਗਠਨ ਵਿਚ ਮੁੜ ਸ਼ਾਮਿਲ ਹੋ ਜਾਵਾਂਗਾ ਤੇ ਕੌਮਾਂਤਰੀ ਮੰਚ ‘ਤੇ ਸਾਡੇ ਸਬੰਧ ਬਹਾਲ ਹੋ ਜਾਣਗੇ।” ਇਸੇ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ ਤਾਰਿਕ ਜਸਰੈਵਿਕ ਨੇ ਕਿਹਾ ਹੈ ਕਿ ਅਮਰੀਕਾ ਦੇ ਰਸਮੀ ਨੋਟੀਫਿਕੇਸ਼ਨ ਸਬੰਧੀ ਰਿਪੋਰਟ ਮਿਲੀ ਹੈ। ਇਸ ਤੋਂ ਵਧ ਸਾਨੂੰ ਕੋਈ ਜਾਣਕਾਰੀ ਨਹੀਂ ਹੈ।