ਚੰਡੀਗੜ੍ਹ, ਮੀਡੀਆ ਬਿਊਰੋ:
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ’ਚ ਨਵੇਂ ਗਠਜੋਡ਼ ਦੇ ਸੰਕੇਤ ਦਿੱਤੇ ਹਨ। ਇਕ ਟੀਵੀ ਚੈਨਲ ਨਾਲ ਗੱਲਬਾਤ ’ਚ ਅਮਿਤ ਸ਼ਾਹ ਨੇ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ’ਤੇ ਰਾਸ਼ਟਰਪਤੀ ਰਾਜ ਦੀਆਂ ਸੰਭਾਵਨਾਵਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਅੰਕਡ਼ਿਆਂ ਦੀ ਗੱਲ ਹੈ। ਦੋ-ਤਿੰਨ ਪਾਰਟੀਆਂ ਮਿਲ ਕੇ ਸਰਕਾਰ ਬਣਾ ਸਕਦੀਆਂ ਹਨ। ਉਨ੍ਹਾਂ ਇਹ ਸੰਕੇਤ ਪੰਜਾਬ ’ਚ ਮਤਦਾਨ ਪ੍ਰਕਿਰਿਆ ਸਮਾਪਤ ਹੋਣ ਤੋਂ ਇਕ ਦਿਨ ਬਾਅਦ ਦਿੱਤੇ ਹਨ। ਸ਼ਾਹ ਦਾ ਕਹਿਣਾ ਹੈ ਕਿ ਕੋਈ ਵੀ ਸਰਵੇ ਪੰਜਾਬ ਦੀ ਅਸਲੀਅਤ ਬਿਆਨ ਨਹੀਂ ਕਰ ਸਕਦਾ। ਭਾਜਪਾ ਨੇ ਪੰਜਾਬ ’ਚ ਬਹੁਤ ਦੀ ਚੰਗੇ ਢੰਗ ਨਾਲ ਚੋਣਾਂ ਲਡ਼ੀਆਂ ਹਨ ਤੇ ਉਹ ਕਾਫ਼ੀ ਆਸਵੰਦ ਵੀ ਹਨ।
ਜ਼ਿਕਰਯੋਗ ਹੈ ਕਿ ਪੰਜਾਬ ’ਚ ਪਹਿਲੀ ਵਾਰ ਭਾਜਪਾ ਨੇ ਚੌਥੀ ਤੇ ਸੰਯੁਕਤ ਸਮਾਜ ਮੋਰਚੇ ਨੇ ਪੰਜਵੀਂ ਪਾਰਟੀ ਦੇ ਰੂਪ ’ਚ ਚੋਣ ਲਡ਼ੀ। ਜ਼ਿਆਦਾ ਪਾਰਟੀਆਂ ਕਾਰਨ ਸਾਰੀਆਂ ਪਾਰਟੀਆਂ ਦੇ ਸਮੀਕਰਨ ਵਿਗੜ ਗਏ ਹਨ। ਘੱਟ ਮਤਦਾਨ ’ਚ ਵੋਟਾਂ ਦੀ ਵੰਡ ਵੀ ਇਸ ਦਾ ਵੱਡਾ ਕਾਰਨ ਹੈ। ਮਤਦਾਨ ਪਿੱਛੋਂ ਜਿੱਥੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਭਾਜਪਾ ਨਾਲ ਦੁਬਾਰਾ ਗਠਜੋੜ ਦੇ ਸੰਕੇਤ ਦਿੱਤੇ ਸਨ ਉਸ ਤੋਂ ਅਗਲੇ ਦਿਨ ਅਮਿਤ ਸ਼ਾਹ ਨੇ ਵੀ ਅਜਿਹਾ ਹੀ ਕੀਤਾ। ਕੇਂਦਰੀ ਗ੍ਰਹਿ ਮੰਤਰੀ ਰਾਸ਼ਟਰਪਤੀ ਰਾਜ ਜੇ ਗੱਤ ’ਚ ਨਜ਼ਰ ਨਹੀਂ ਆ ਰਹੇ।
ਚੋਣਾਂ ਪਿੱਛੋਂ ਅਕਾਲੀ ਦਲ ਨਾਲ ਮੁੜ ਗੱਠਜੋੜ ਸੰਭਵ : ਮਨੋਰੰਜਨ ਕਾਲੀਆ
ਅਮਿਤ ਸ਼ਾਹ ਤੋਂ ਇਲਾਵਾ ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਹਲਕੇ ਤੋਂ ਉਮੀਦਵਾਰ ਮਨੋਰੰਜਨ ਕਾਲੀਆ ਨੇ ਵੀ ਇਸ਼ਾਰਾ ਦਿੱਤਾ ਹੈ ਕਿ ਵੋਟਾਂ ਦੀ ਗਿਣਤੀ ਮਗਰੋਂ ਨਤੀਜੇ ਆਉਣ ਮਗਰੋਂ ਸਰਕਾਰ ਬਣਾਉਣ ਲਈ ਅਕਾਲੀ ਦਲ ਨਾਲ ਵੀ ਗੱਠਜੋੜ ਸੰਭਵ ਹੈ। ਉਨ੍ਹਾਂ ਕਿਹਾ ਕਿ ਜਨਤਾ ‘ਤੇ ਵਾਰ ਵਾਰ ਚੋਣਾਂ ਦਾ ਬੋਝ ਪਾਉਣ ਤੋਂ ਬਿਹਤਰ ਹੈ ਕਿ ਮਜ਼ਬੂਤ ਸਰਕਾਰ ਉਸਾਰੀ ਜਾਵੇ। ਉਹ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਅਕਾਲੀ ਦਲ ਨਾਲ ਗੱਠਜੋੜ ਮੁੜ ਸੰਭਵ ਹੈ? ਇਸ ‘ਤੇ ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਮਗਰੋਂ ਹਾਲਾਤ ਬਣੇ ਤਾਂ ਗੱਠਜੋੜ ਤੋਂ ਕੋਈ ਇਨਕਾਰ ਨਹੀਂ। ਫ਼ਿਲਹਾਲ ਕਾਲੀਆ ਦੇ ਪ੍ਰਗਟਾਵੇ ਪਿੱਛੋਂ ਸਭ ਦੀਆਂ ਨਜ਼ਰਾਂ 10 ਮਾਰਚ ਦੇ ਨਤੀਜਿਆਂ ‘ਤੇ ਟਿਕੀਆਂ ਹੋਈਆਂ ਹਨ। ਕਾਲੀਆ ਦਾਅਵਾ ਕਰ ਰਹੇ ਹਨ ਕਿ ਵੋਟਾਂ ਦੀ ਗਿਣਤੀ ਪਿੱਛੋਂ ਭਾਜਪਾ ਦੀ ਸਰਕਾਰ ਬਣਨੀ ਤੈਅ ਹੈ। ਉਨ੍ਹਾਂ ਕਿਹਾ ਕਿ ਜਿਵੇਂ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਤਬਦੀਲੀ ਤੇ ਸੂਬੇ ਦੇ ਵਿਕਾਸ ਨੂੰ ਮੁੱਖ ਰੱਖ ਕੇ ਵੋਟਾਂ ਪਾਈਆਂ ਹਨ, ਤੋਂ ਸਪੱਸ਼ਟ ਹੈ ਕਿ ਉਹ ਭਾਜਪਾ ਦੇ ਨਾਲ ਸਨ।