ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਇੱਕ ਐੱਨ ਐੱਚ ਐੱਸ ਮਾਨਸਿਕ ਸਿਹਤ ਟਰੱਸਟ ਨੂੰ ਮਰੀਜਾਂ ਦੀ ਦੇਖਭਾਲ ਵਿੱਚ ਅਸਫਲ ਰਹਿਣ ਲਈ 1.5 ਮਿਲੀਅਨ ਪੌਂਡ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਟਰੱਸਟ ਦੀਆਂ ਅਸਫਲਤਾਵਾਂ ਕਾਰਨ 11 ਮਰੀਜ਼ਾਂ ਨੇ ਆਤਮ ਹੱਤਿਆ ਕਰ ਲਈ ਸੀ। ਇਸ ਮਾਮਲੇ ਵਿੱਚ ਜੁਰਮਾਨਾ ਕਰਨ ਵਾਲੇ ਜੱਜ ਜਸਟਿਸ ਕਵਾਨਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਹਾ ਕਿ ਏਸੈਕਸ ਪਾਰਟਨਰਸ਼ਿਪ ਯੂਨੀਵਰਸਿਟੀ ਐੱਨ ਐੱਚ ਐੱਸ ਫਾਉਂਡੇਸ਼ਨ ਟਰੱਸਟ (ਈ ਪੀ ਯੂ ਟੀ) ਕਈ ਸਾਲਾਂ ਤੋਂ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਨ ‘ਚ ਅਸਫਲ ਰਿਹਾ ਹੈ, ਜਿਸ ਕਾਰਨ ਇੱਥੇ ਖੁਦਕੁਸ਼ੀਆਂ ਹੋਈਆਂ ਹਨ। ਟਰੱਸਟ ਨੂੰ ਕੀਤਾ ਇਹ ਜੁਰਮਾਨਾ ਉਹਨਾਂ 11 ਮੌਤਾਂ ਨਾਲ ਸਬੰਧਤ ਹੈ ਜੋ 1 ਅਕਤੂਬਰ 2004 ਤੋਂ 31 ਮਾਰਚ 2015 ਦਰਮਿਆਨ ਟਰੱਸਟ ਦੇ ਵਾਰਡ ਵਿੱਚ ਹੋਈਆਂ ਹਨ।
ਇਸ ਟਰੱਸਟ ਨੂੰ ਪਿਛਲੇ ਨਵੰਬਰ ਵਿੱਚ ਸਿਹਤ ਅਤੇ ਸੁਰੱਖਿਆ ਐਕਟ 1974 ਅਧੀਨ ਸਿਹਤ ਅਤੇ ਸੁਰੱਖਿਆ ਐਗਜ਼ੀਕਿਊਟਿਵ (ਐੱਚ ਐੱਸ ਈ) ਦੁਆਰਾ ਲਿਆਂਦੇ ਇੱਕ ਮੁਕੱਦਮੇ ਵਿੱਚ ਦੋਸ਼ੀ ਮੰਨਿਆ ਸੀ। ਜਿਸ ਲਈ ਜੱਜ ਨੇ ਬੁੱਧਵਾਰ ਨੂੰ ਚੈਲਮਸਫੋਰਡ ਦੀ ਕਰਾਊਨ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ 1.5 ਮਿਲੀਅਨ ਪੌਂਡ ਦਾ ਜ਼ੁਰਮਾਨਾ ਲਗਾਇਆ। ਟਰੱਸਟ ਦੇ ਮੁੱਖ ਕਾਰਜਕਾਰੀ ਪਾਲ ਸਕੌਟ 11 ਪਰਿਵਾਰਾਂ ਤੋਂ ਮੁਆਫੀ ਮੰਗਦਿਆਂ ਦੱਸਿਆ ਕਿ ਟਰੱਸਟ ਨੇ ਆਪਣੇ ਵਾਰਡਾਂ ਦੀ ਸੁਰੱਖਿਆ ਵਿੱਚ ਸੁਧਾਰ ਲਿਆਉਣ ਲਈ ਪਿਛਲੇ ਸਾਲ 10 ਮਿਲੀਅਨ ਪੌਂਡ ਖਰਚ ਕੀਤੇ ਹਨ।






















