ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਹਜ਼ਾਰਾਂ ਆਦਮੀ ਐਡਵਾਂਸਡ ਪ੍ਰੋਸਟੇਟ ਕੈਂਸਰ ਦੇ ਇਲਾਜ ਵਿੱਚ ਇੱਕ ਨਵੀਂ ਦਵਾਈ ਜਿਸ ਨੂੰ ਐੱਨ ਐੱਚ ਐੱਸ ਦੀ ਵਰਤੋਂ ਲਈ ਮਨਜ਼ੂਰੀ ਮਿਲਣੀ ਬਾਕੀ ਹੈ, ਦਾ ਲਾਭ ਲੈ ਸਕਣਗੇ। ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਕੇਅਰ ਐਕਸੀਲੈਂਸ (ਨਾਇਸ) ਨੇ ਪ੍ਰੋਸਟੇਟ ਕੈਂਸਰ ਦੀਆਂ ਕੁੱਝ ਕਿਸਮਾਂ ਦੇ ਇਲਾਜ ਲਈ ਐਨਜ਼ੁਲਾਟਾਮਾਈਡ ਨਾਮਕ ਦਵਾਈ ਦੀ ਇੱਕ ਵਿਕਲਪ ਵਜੋਂ ਸਿਫਾਰਸ਼ ਕੀਤੀ ਹੈ।ਪ੍ਰੋਸਟੇਟ ਕੈਂਸਰ ਯੂਕੇ ਦੇ ਇੱਕ ਬੁਲਾਰੇ ਅਨੁਸਾਰ ਐਨਜ਼ੁਲਾਟਾਮਾਈਡ ਇੰਗਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਵਿੱਚ ਪੁਰਸ਼ਾਂ ਲਈ ਪੱਕੇ ਤੌਰ ਤੇ ਉਪਲਬਧ ਕਰਵਾਈ ਜਾਵੇਗੀ, ਜਦੋਂਕਿ ਸਕਾਟਲੈਂਡ ਵਿੱਚ ਮਰਦਾਂ ਨੂੰ ਇਸੇ ਤਰ੍ਹਾਂ ਦੇ ਇਲਾਜ ਵਾਲੀ ਐਬਿਏਰੇਟ੍ਰੋਨ ਨਾਮਕ ਦਵਾਈ ਮਿਲੇਗੀ। ਸਿਹਤ ਮਾਹਰਾਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਖਾਸ ਤੌਰ ‘ਤੇ ਉਹਨਾਂ ਲਈ ਲਾਭਕਾਰੀ ਹੋਵੇਗੀ ਜਿਹੜੇ ਕਿ ਕੀਮੋਥੈਰੇਪੀ ਨਹੀਂ ਕਰਵਾ ਸਕਦੇ।
ਐਨਜ਼ੁਲਾਟਾਮਾਈਡ, ਜਿਸਨੂੰ ਕਿ ਮਰੀਜ਼ ਘਰ ਵਿੱਚ ਹੀ ਲੈ ਸਕਦੇ ਹਨ, ਐੱਨ ਐੱਚ ਐੱਸ ਇੰਗਲੈਂਡ ਦੁਆਰਾ ਮਹਾਂਮਾਰੀ ਦੌਰਾਨ ਵੀ ਵਰਤੀ ਗਈ ਹੈ।ਸਿਹਤ ਮਾਹਿਰਾਂ ਦੇ ਅਨੁਸਾਰ, ਬਾਲਗਾਂ ਵਿੱਚ ਹਾਰਮੋਨ-ਸੰਵੇਦਨਸ਼ੀਲ ਮੈਟਾਸਟੈਟਿਕ ਪ੍ਰੋਸਟੇਟ ਕੈਂਸਰ ਦੇ ਇਲਾਜ ਲਈ ਇੱਕ ਵਿਕਲਪ ਦੇ ਤੌਰ ਤੇ ਐਂਡ੍ਰੋਜਨ ਡਿਵੀਜ਼ਨ ਥੈਰੇਪੀ ਦੇ ਨਾਲ ਵੀ ਇਸ ਦਵਾਈ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਪ੍ਰੋਸਟੇਟ ਕੈਂਸਰ ਸੈੱਲਾਂ ‘ਤੇ ਟੈਸਟੋਸਟੀਰੋਨ ਦੇ ਪ੍ਰਭਾਵ ਨੂੰ ਰੋਕ ਕੇ ਕੰਮ ਕਰਦੀ ਹੈ ਅਤੇ ਹਾਰਮੋਨ ਦੇ ਬਿਨਾਂ, ਸੈੱਲ ਨਹੀਂ ਵੱਧ ਸਕਦੇ ਭਾਵੇਂ ਉਹ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਫੈਲ ਗਏ ਹੋਣ। ਇਸ ਦਵਾਈ ਦੀਆਂ ਕਲੀਨਿਕਲ ਅਜ਼ਮਾਇਸ਼ਾਂ ਤੋਂ ਪਤਾ ਚਲਿਆ ਹੈ ਕਿ ਇਸਦਾ ਇਲਾਜ਼ ਬਿਮਾਰੀ ਦੇ ਵਿਗੜਨ ਨੂੰ ਹੌਲੀ ਕਰ ਦਿੰਦਾ ਹੈ ਅਤੇ ਮਰੀਜ਼ਾਂ ਦੀ ਉਮਰ ਵਧਾਉਂਦਾ ਹੈ।






















