ਯੂਕੇ: ਸਿਖਲਾਈ ਅਭਿਆਸ ਦੌਰਾਨ ਫੌਜੀ ਦੀ ਮੌਤ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਦੇ ਰੱਖਿਆ ਮੰਤਰਾਲੇ ਨੇ ਪੁਸ਼ਟੀ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਵਿਲਟਸ਼ਾਇਰ ਵਿੱਚ ਫੌਜ ਦੇ ਸਿਖਲਾਈ ਅਭਿਆਸ ਦੌਰਾਨ ਵਾਪਰੇ ਹਾਦਸੇ ਕਾਰਨ ਇੱਕ ਫੌਜੀ ਦੀ ਮੌਤ ਹੋ ਗਈ ਹੈ। ਇਸ ਫੌਜੀ ਅਭਿਆਸ ਦੌਰਾਨ ਇੱਕ ਟੈਂਕ ਪਲਟਣ ਕਾਰਨ ਉਸ ਵਿਚਲੇ ਫੌਜੀ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਕਾਰਨ ਉਸਦੀ ਮੌਤ ਹੋਈ। ਫੌਜੀ ਅਧਿਕਾਰੀਆਂ ਅਨੁਸਾਰ ਸੈਲਿਸਬਰੀ ਪਲੇਨ ਟ੍ਰੇਨਿੰਗ ਖੇਤਰ ਵਿੱਚ ਵਾਪਰੀ ਇਸ ਜਾਨਲੇਵਾ ਘਟਨਾ ਵਿੱਚ ਹੋਈ ਸਿਪਾਹੀ ਦੀ ਮੌਤ ਸਬੰਧੀ ਦੁੱਖ ਪ੍ਰਗਟ ਕੀਤਾ ਗਿਆ ਹੈ। ਇਸ ਹਾਦਸੇ ਉਪਰੰਤ ਕੋਰ ਆਫ਼ ਰਾਇਲ ਇਲੈਕਟ੍ਰੀਕਲ ਅਤੇ ਮਕੈਨੀਕਲ ਇੰਜੀਨੀਅਰਾਂ ਨੂੰ ਟੈਂਕ ਵਿੱਚੋਂ ਸੈਨਿਕ ਨੂੰ ਕੱਢਣ ਲਈ ਕਈ ਘੰਟੇ ਲੱਗੇ। ਵਿਲਟਸ਼ਾਇਰ ਪੁਲਿਸ ਅਨੁਸਾਰ ਉਹ ਸਿਹਤ ਅਤੇ ਸੁਰੱਖਿਆ ਕਰਮਚਾਰੀਆਂ ਅਤੇ ਫੌਜ ਦੇ ਨਾਲ ਮਿਲ ਕੇ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ। ਐੱਮ ਓ ਡੀ ਦੇ ਅੰਕੜਿਆਂ ਅਨੁਸਾਰ ਜਨਵਰੀ 2000 ਤੋਂ ਅਗਸਤ 2021 ਤੱਕ ਫੌਜੀ ਅਭਿਆਸਾਂ ਵਿੱਚ ਯੂਕੇ ਦੇ ਹਥਿਆਰਬੰਦ ਬਲਾਂ ਦੇ 150 ਮੈਂਬਰਾਂ ਦੀ ਮੌਤ ਹੋਈ ਹੈ।

Share This :

Leave a Reply