ਯੂਕੇ: ਰੋਜ਼ਾਨਾ ਦੇ ਕੋਵਿਡ ਕੇਸਾਂ ਵਿੱਚ ਹੋ ਰਿਹਾ ਹੈ ਰਿਕਾਰਡ ਵਾਧਾ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਰੁਕ ਨਹੀਂ ਰਿਹਾ ਹੈ। ਇੱਕ ਵਾਰ ਵਾਇਰਸ ਦੇ ਮਾਮਲਿਆਂ ਵਿੱਚ ਖੜੋਤ ਆਉਣ ਦੇ ਬਾਅਦ ਫਿਰ ਤੋਂ ਵਾਇਰਸ ਦੇ ਕੇਸ ਰਫਤਾਰ ਫੜ ਰਹੇ ਹਨ। ਵਾਇਰਸ ਸਬੰਧੀ ਅੰਕੜਿਆਂ ਅਨੁਸਾਰ ਯੂਕੇ ਵਿੱਚ ਵੀਰਵਾਰ ਨੂੰ ਰੋਜ਼ਾਨਾ ਕੋਵਿਡ ਮਾਮਲਿਆਂ ਦੀ ਗਿਣਤੀ ਫਰਵਰੀ ਤੋਂ ਬਾਅਦ ਪਹਿਲੀ ਵਾਰ 11,000 ਨੂੰ ਪਾਰ ਕਰ ਗਈ ਹੈ। ਵੱਡੀ ਗਿਣਤੀ ਵਿੱਚ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਸਰਕਾਰ ਵੱਲੋਂ ਸ਼ੁੱਕਰਵਾਰ ਤੋਂ ਸਾਰੇ ਬਾਲਗਾਂ ਨੂੰ ਟੀਕਾਕਰਨ ਲਈ ਯੋਗ ਹੋਣ ਦੀ ਘੋਸ਼ਣਾ ਕੀਤੀ ਗਈ ਹੈ।

ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਵੀਰਵਾਰ ਨੂੰ 11,007 ਵਾਇਰਸ ਦੇ ਨਵੇਂ ਕੇਸ ਸਾਹਮਣੇ ਆਏ ਹਨ ਜੋ ਕਿ 19 ਫਰਵਰੀ ਤੋਂ ਬਾਅਦ ਸਭ ਤੋਂ ਵੱਧ ਰੋਜ਼ਾਨਾ ਦੀ ਗਿਣਤੀ ਹੈ ਜਦੋਂ ਕਿ 19 ਫਰਵਰੀ ਨੂੰ 12,027 ਲੋਕਾਂ ਨੇ ਸਕਾਰਾਤਮਕ ਟੈਸਟ ਕੀਤੇ ਸਨ। ਇਸਦੇ ਨਾਲ ਹੀ ਟੈਸਟ ਪਾਜ਼ੇਟਿਵ ਆਉਣ ਦੇ 28 ਦਿਨਾਂ ਦੇ ਅੰਦਰ ਅੰਦਰ 19 ਹੋਰ ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਨਾਲ ਦੇਸ਼ ਦੇ ਸਰਕਾਰੀ ਅੰਕੜਿਆਂ ਤਹਿਤ ਮੌਤਾਂ ਦੀ ਗਿਣਤੀ 127,945 ‘ਤੇ ਪਹੁੰਚ ਗਈ ਹੈ। ਜਦਕਿ, ਯੂਕੇ ਦੀਆਂ ਅੰਕੜਾ ਏਜੰਸੀਆਂ ਦੇ ਅੰਕੜਿਆਂ ਅਤੇ ਮੌਤ ਦੇ ਪ੍ਰਮਾਣ ਪੱਤਰ ‘ਤੇ ਮੌਤਾਂ ਦੀ ਕੁੱਲ ਗਿਣਤੀ 152,397 ਦਰਜ ਹੈ।

ਇੰਪੀਰੀਅਲ ਕਾਲਜ ਲੰਡਨ ਦੇ ਅਧਿਐਨ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਇੰਗਲੈਂਡ ਵਿੱਚ ਕੋਰੋਨਾ ਵਾਇਰਸ ਦੇ ਕੇਸ ਹਰ 11 ਦਿਨਾਂ ਵਿੱਚ ਦੁਗਣੇ ਹੋ ਰਹੇ ਹਨ। ਸਿਹਤ ਮਾਹਿਰਾਂ ਅਨੁਸਾਰ ਵਧ ਰਹੇ ਮਾਮਲਿਆਂ ਵਿੱਚ ਜਿਆਦਾਤਰ ਲੋਕ ਭਾਰਤੀ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਤੋਂ ਪ੍ਰਭਾਵਿਤ ਹਨ। ਜ਼ਿਆਦਾਤਰ ਨਵੇਂ ਕੇਸ 18 ਤੋਂ 24 ਸਾਲ ਦੇ ਬਾਲਗਾਂ ਅਤੇ 5 ਤੋਂ 12 ਸਾਲ ਦੇ ਬੱਚਿਆਂ ਵਿੱਚ ਸਾਹਮਣੇ ਆ ਰਹੇ ਹਨ। 18 ਤੋਂ 24 ਸਾਲ ਦੇ ਬੱਚਿਆਂ ਵਿਚਾਲੇ ਕੇਸ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨਾਲੋਂ ਪੰਜ ਗੁਣਾ ਜ਼ਿਆਦਾ ਨੋਟ ਹੋਏ ਹਨ। ਸਰਕਾਰ ਵੱਲੋਂ ਵਾਇਰਸ ਦੇ ਮਾਮਲਿਆਂ ਵਿੱਚ ਵਾਧੇ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ਵੀ ਜਾਰੀ ਹੈ।

Share This :

Leave a Reply