UK: ਸੀਵਰੇਜ ਦਾ ਪਾਣੀ ਸਮੁੰਦਰ ‘ਚ ਮਿਲਾਉਣ ਵਾਲੀ ਪ੍ਰਾਈਵੇਟ ਕੰਪਨੀ ਨੂੰ ਹੋਇਆ 90 ਮਿਲੀਅਨ ਪੌਂਡ ਦਾ ਜ਼ੁਰਮਾਨਾ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਸਮੁੰਦਰ ਦੇ ਪਾਣੀ ਵਿੱਚ ਜਾਣਬੁੱਝ ਕੇ ਸੀਵਰੇਜ ਦੀ ਗੰਦਗੀ ਮਿਲਾਉਣ ਲਈ ਇੱਕ ਪ੍ਰਾਈਵੇਟ ਕੰਪਨੀ ਸਦਰਨ ਵਾਟਰ ਨੂੰ 90 ਮਿਲੀਅਨ ਪੌਂਡ ਦਾ ਭਾਰੀ ਜ਼ੁਰਮਾਨਾ ਕੀਤਾ ਗਿਆ ਹੈ। ਇਸ ਕੰਪਨੀ ਨੇ ਆਪਣੇ ਵਿੱਤੀ ਲਾਭਾਂ ਲਈ ਕਈ ਸਾਲਾਂ ਤੋਂ ਅਰਬਾਂ ਲੀਟਰ ਕੱਚੇ ਸੀਵਰੇਜ ਨੂੰ ਜਾਣਬੁੱਝ ਕੇ ਸਮੁੰਦਰਾਂ ਵਿੱਚ ਸੁੱਟਿਆ ਹੈ। ਇਸ ਮਾਮਲੇ ਵਿੱਚ ਜਸਟਿਸ ਜੇਰੇਮੀ ਜਾਨਸਨ ਨੇ ਨਿੱਜੀ ਪਾਣੀ ਕੰਪਨੀ ਨੂੰ ਸਜ਼ਾ ਸੁਣਾਉਂਦਿਆਂ ਦੱਸਿਆ ਕਿ ਇਸਨੇ ਦੇਸ਼ ਦੇ ਸਭ ਤੋਂ ਕੀਮਤੀ ਵਾਤਾਵਰਣ ਵਿੱਚ 16 ਤੋਂ 21 ਬਿਲੀਅਨ ਲੀਟਰ ਦੇ ਵਿਚਕਾਰ ਸੀਵਰੇਜ ਮਿਲਾਇਆ ਹੈ ਜੋ ਕਿ ਵਾਤਾਵਰਣ, ਸਮੁੰਦਰੀ ਤੱਟਾਂ, ਮਨੁੱਖੀ ਸਿਹਤ, ਮੱਛੀ ਪਾਲਣ ਅਤੇ ਹੋਰ ਜਾਇਜ਼ ਕਾਰੋਬਾਰਾਂ ਲਈ ਖਤਰਨਾਕ ਹੈ।

ਜੱਜ ਦੇ ਅਨੁਸਾਰ ਇਸ ਪ੍ਰਾਈਵੇਟ ਕੰਪਨੀ ਦਾ ਨਿਰੰਤਰ ਪ੍ਰਦੂਸ਼ਣ ਲਈ ਅਪਰਾਧਿਕ ਗਤੀਵਿਧੀਆਂ ਦਾ ਇਤਿਹਾਸ ਹੈ।ਇੱਕ ਵਾਤਾਵਰਣ ਏਜੰਸੀ ਦੁਆਰਾ ਕੀਤੀ ਵੱਡੀ ਪੜਤਾਲ ਨੇ ਕੰਪਨੀ ਦੁਆਰਾ ਤਕਰੀਬਨ ਛੇ ਸਾਲਾਂ ਦੀ ਮਿਆਦ ਵਿੱਚ ਕੀਤੀ ਇਸ ਕਾਰਵਾਈ ਦਾ ਪਰਦਾਫਾਸ਼ ਕੀਤਾ।

ਇਸ ਪ੍ਰਾਈਵੇਟ ਵਾਟਰ ਕੰਪਨੀ ‘ਸਦਰਨ ਵਾਟਰ’ ਨੇ ਆਪਣੇ ਵਿੱਤੀ ਜ਼ੁਰਮਾਨੇ ਅਤੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਕਾਇਮ ਰੱਖਣ ਦੀ ਲਾਗਤ ਤੋਂ ਬਚਣ ਲਈ ਤਕਰੀਬਨ ਛੇ ਸਾਲਾਂ ਤੋਂ  ਜਾਣਬੁੱਝ ਕੇ ਉੱਤਰੀ ਕੈਂਟ ਅਤੇ ਹੈਮਪਸ਼ਾਇਰ ਦੇ ਸਮੁੰਦਰਾਂ ਵਿੱਚ ਨਾਜਾਇਜ਼ ਸੀਵਰੇਜ ਨੂੰ ਮਿਲਾਇਆ। ਜਦਕਿ ਕੰਪਨੀ ਨੇ ਕਿਹਾ ਹੈ ਕਿ ਇਹ ਜਾਣਬੁੱਝ ਕੇ ਨਹੀਂ ਕੀਤਾ ਗਿਆ। ਕੰਪਨੀ ਦੇ ਅਧਿਕਾਰੀਆਂ ਅਨੁਸਾਰ  2010 ਅਤੇ 2015 ਦੇ ਵਿਚਕਾਰ 17 ਸਾਈਟਾਂ ‘ਤੇ ਮਕੈਨੀਕਲ ਅਤੇ ਟੈਕਨੋਲੋਜੀਕਲ ਨੁਕਸਾਂ ਦੇ ਨਤੀਜੇ ਵਜੋਂ ਇਹ ਮਿਲਾਵਟ ਹੋਈ ਹੈ। ਸਦਰਨ ਵਾਟਰ ਕੰਪਨੀ ਸਸੇਕਸ, ਕੈਂਟ, ਹੈਂਪਸ਼ਾਇਰ ਅਤੇ ਆਈਲ ਆਫ ਵਾਈਟ ਦੇ 4.7 ਮਿਲੀਅਨ ਤੋਂ ਵੱਧ ਗਾਹਕਾਂ ਨੂੰ ਵੇਸਟ ਵਾਟਰ ਅਤੇ 2.6 ਮਿਲੀਅਨ ਗਾਹਕਾਂ ਨੂੰ ਪਾਣੀ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ।

Share This :

Leave a Reply