ਯੂਕੇ: ਪਲਿਮਥ ‘ਚ ਹੋਈ ਗੋਲੀਬਾਰੀ ਵਿੱਚ ਹਮਲਾਵਰ ਸਮੇਤ 6 ਮਰੇ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਦੇ ਪਲਿਮਥ ਸ਼ਹਿਰ ਵਿੱਚ ਵੀਰਵਾਰ ਨੂੰ ਗੋਲੀਬਾਰੀ ਦੀ ਇੱਕ ਦਰਦਨਾਕ ਘਟਨਾ ਵਾਪਰੀ ਹੈ। ਜਿਸ ਵਿੱਚ ਪੰਜ ਨਿਵਾਸੀਆਂ ਦੀ ਮੌਤ ਹੋ ਜਾਣ ਦੇ ਨਾਲ ਨਾਲ ਸ਼ੱਕੀ ਹਮਲਾਵਰ ਦੀ ਵੀ ਮੌਤ ਹੋਈ ਹੈ। ਸ਼ਹਿਰ ਦੇ ਕੀਹੈਮ ਇਲਾਕੇ ਵਿੱਚ ਹੋਈ ਗੋਲੀਬਾਰੀ ਦੇ ਮ੍ਰਿਤਕਾਂ ਵਿੱਚ ਇੱਕ 10 ਸਾਲ ਤੋਂ ਘੱਟ ਉਮਰ ਦੇ ਬੱਚੇ ਦੇ ਹੋਣ ਦੀ ਵੀ ਖਬਰ ਹੈ।

ਇਸ ਘਟਨਾ ਦੇ ਸਬੰਧ ਵਿੱਚ ਡੇਵੋਨ ਅਤੇ ਕੌਰਨਵਾਲ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਵੀਰਵਾਰ ਸ਼ਾਮ ਨੂੰ ਸ਼ਹਿਰ ਦੇ ਉੱਤਰ ਵਿੱਚ ਬਿਡਿਕ ਡਰਾਈਵ ਵਿੱਚ ਘਟਨਾ ਵਾਲੀ ਥਾਂ ‘ਤੇ ਦੋ ਔਰਤਾਂ ਅਤੇ ਦੋ ਪੁਰਸ਼ ਮ੍ਰਿਤਕ ਪਾਏ ਗਏ। ਇਸਦੇ ਇਲਾਵਾ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿੱਚ ਇਲਾਜ ਅਧੀਨ ਇੱਕ ਹੋਰ ਔਰਤ ਦੀ ਕੁੱਝ ਦੇਰ ਬਾਅਦ ਹਸਪਤਾਲ ਵਿੱਚ ਮੌਤ ਹੋ ਗਈ। ਪਲਿਮਥ ਸਟਨ ਅਤੇ ਡੇਵੋਨਪੋਰਟ ਦੇ ਸੰਸਦ ਮੈਂਬਰ ਲੂਕ ਪੋਲਾਰਡ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਪੀੜਤਾਂ ਵਿੱਚੋਂ ਇੱਕ 10 ਸਾਲ ਤੋਂ ਘੱਟ ਉਮਰ ਦੇ ਬੱਚੇ ਬਾਰੇ ਦੁੱਖ ਪ੍ਰਗਟ ਕਰਦਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਇੱਕ ਛੇਵਾਂ ਵਿਅਕਤੀ ਵੀ ਘਟਨਾ ਸਥਾਨ ‘ਤੇ ਮ੍ਰਿਤਕ ਪਾਇਆ ਗਿਆ, ਜਿਸਨੂੰ ਸ਼ੱਕੀ ਬੰਦੂਕਧਾਰੀ ਮੰਨਿਆ ਜਾਂਦਾ ਹੈ। ਇਸ ਗੋਲੀਬਾਰੀ ਦੇ ਕੁੱਝ ਗਵਾਹਾਂ ਨੇ ਦੱਸਿਆ ਕਿ ਇੱਕ ਬੰਦੂਕਧਾਰੀ ਵਿਅਕਤੀ ਇੱਕ ਘਰ ਵਿੱਚੋਂ ਬਾਹਰ ਆਇਆ ਅਤੇ ਅਚਾਨਕ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ , ਫਿਰ ਉਹ ਭੱਜਦੇ ਹੋਏ ਲੀਨੀਅਰ ਪਾਰਕ ਵਿੱਚ ਕੁੱਝ ਲੋਕਾਂ ‘ਤੇ ਗੋਲੀ ਚਲਾਉਣ ਲਈ ਅੱਗੇ ਵਧਿਆ। ਪੁਲਿਸ ਦੁਆਰਾ ਇਸ ਹਮਲੇ ਨੂੰ ਅੱਤਵਾਦ ਸਬੰਧਿਤ ਨਹੀਂ ਮੰਨਿਆ ਗਿਆ ਹੈ। ਗੋਲੀਬਾਰੀ ਦੀ ਘਟਨਾ ਉਪਰੰਤ ਐਂਬੂਲੈਂਸਾਂ, ਏਅਰ ਐਂਬੂਲੈਂਸਾਂ, ਡਾਕਟਰਾਂ ਅਤੇ ਸੀਨੀਅਰ ਪੈਰਾ ਮੈਡੀਕਲ ਟੀਮਾਂ ਨੇ ਘਟਨਾ ਸਥਾਨ ‘ਤੇ ਪਹੁੰਚ ਕਰਕੇ ਸਹਾਇਤਾ ਕਾਰਜ ਆਰੰਭ ਦਿੱਤੇ ਸਨ। 

Share This :

Leave a Reply