ਯੂਕੇ: ਪ੍ਰਿੰਸ ਚਾਰਲਸ ਅਤੇ ਰਾਜਕੁਮਾਰੀ ਡਾਇਨਾ ਦੇ ਵਿਆਹ ਦੇ ਕੇਕ ਦਾ ਟੁਕੜਾ 1,850 ਪੌਂਡ ‘ਚ ਵਿਕਿਆ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਬਰਤਾਨੀਆ ਦੇ ਪ੍ਰਿੰਸ ਚਾਰਲਸ ਅਤੇ ਮਰਹੂਮ ਰਾਜਕੁਮਾਰੀ ਡਾਇਨਾ ਦੇ ਤਕਰੀਬਨ 40 ਸਾਲ ਪਹਿਲਾਂ ਹੋਏ ਵਿਆਹ ਮੌਕੇ ਦਾ ਇੱਕ ਕੇਕ ਦਾ ਟੁਕੜਾ ਹੁਣ ਇੱਕ ਨਿਲਾਮੀ ਵਿੱਚ 1850 ਪੌਂਡ ‘ਚ ਵੇਚਿਆ ਗਿਆ ਹੈ। ਆਈਸਿੰਗ ਅਤੇ ਮਾਰਜ਼ੀਪਨ ਕੇਕ ਦਾ ਇਹ ਵੱਡਾ ਟੁਕੜਾ 1981 ਵਿੱਚ ਸ਼ਾਹੀ ਵਿਆਹ ਲਈ ਬਣਾਏ ਗਏ 23 ਵਿਆਹ ਦੇ ਕੇਕਾਂ ਵਿੱਚੋਂ ਇੱਕ ਸੀ,  ਜੋ ਬੁੱਧਵਾਰ ਨੂੰ 1,850 ਪੌਂਡ ਵਿੱਚ ਇੰਗਲੈਂਡ ਦੇ ਸਿਰੇਨੈਸਟਰ ਵਿੱਚ ਡੋਮਿਨਿਕ ਵਿੰਟਰ ਦੀ ਨਿਲਾਮੀ ਵਿੱਚ ਵੇਚਿਆ ਗਿਆ।

ਵਿਕਰੀ ਤੋਂ ਪਹਿਲਾਂ ਇਸ ਕੇਕ ਦੇ ਟੁਕੜੇ ਦੀ ਲਗਭਗ 300 ਤੋਂ 500 ਪੌਂਡ ਵਿੱਚ ਵਿਕਣ ਦੀ ਉਮੀਦ ਸੀ। ਤਕਰੀਬਨ 800 ਗ੍ਰਾਮ (1.8 ਪੌਂਡ) ਦੇ ਭਾਰ ਵਾਲੇ ਇਸ ਟੁਕੜੇ ਨੂੰ ਕਲੈਰੇਂਸ ਹਾਊਸ ਵਿਖੇ ਰਾਣੀ ਦੀ ਇੱਕ ਕਰਮਚਾਰੀ ਮੋਇਰਾ ਸਮਿਥ ਨੂੰ ਦਿੱਤਾ ਗਿਆ ਸੀ, ਜਿਸ ਦੇ ਪਰਿਵਾਰ ਨੇ ਇਸਨੂੰ 2008 ਵਿੱਚ ਇੱਕ ਕਲੈਕਟਰ ਨੂੰ ਵੇਚ ਦਿੱਤਾ ਸੀ।

ਸਮਿਥ ਨੇ ਟੁਕੜੇ ਨੂੰ ਇੱਕ ਪੁਰਾਣੇ ਫੁੱਲਦਾਰ ਕੇਕ ਦੇ ਟੀਨ ਵਿੱਚ ਰੱਖਿਆ ਅਤੇ ਹੱਥ ਨਾਲ ਬਣੇ ਲੇਬਲ ਨੂੰ ਢਕਣ ਲਈ ਉੱਤੇ ਟੇਪ ਕੀਤੀ। ਦੁਨੀਆ ਭਰ ਤੋਂ ਬੋਲੀ ਲਗਾਉਣ ਦੇ ਬਾਅਦ ਕੇਕ ਦਾ ਇਹ ਟੁਕੜਾ ਲੀਡਜ਼ ਦੇ ਇੱਕ ਪ੍ਰਾਈਵੇਟ ਕੁਲੈਕਟਰ ਗੈਰੀ ਲੇਟਨ ਦੁਆਰਾ ਖਰੀਦਿਆ ਗਿਆ। ਕੇਕ ਦਾ ਇਹ ਬਹੁਤ ਸਾਰੇ ਲੋਕਾਂ ਲਈ ਸ਼ਾਹੀ ਇਤਿਹਾਸ ਦਾ ਇੱਕ ਹਿੱਸਾ ਹੈ। ਜਿਕਰਯੋਗ ਹੈ ਕਿ ਪ੍ਰਿੰਸ ਚਾਰਲਸ ਨੇ 29 ਜੁਲਾਈ 1981 ਨੂੰ ਸੇਂਟ ਪਾਲ ਗਿਰਜਾਘਰ ਵਿੱਚ ਲੇਡੀ ਡਾਇਨਾ ਸਪੈਂਸਰ ਨਾਲ ਵਿਆਹ ਕੀਤਾ। ਚਾਰਲਸ ਅਤੇ ਡਾਇਨਾ 11 ਸਾਲਾਂ ਬਾਅਦ 1992 ਵਿੱਚ ਵੱਖ ਹੋ ਗਏ ਅਤੇ 1996 ਵਿੱਚ ਇਹਨਾਂ ਦਾ ਤਲਾਕ ਹੋਇਆ। ਇਸਦੇ ਬਾਅਦ 1997 ਵਿੱਚ ਪੈਰਿਸ ਵਿੱਚ ਹੋਏ ਇੱਕ ਭਿਆਨਕ ਕਾਰ ਹਾਦਸੇ ਵਿੱਚ ਰਾਜਕੁਮਾਰੀ ਡਾਇਨਾ ਦੀ ਮੌਤ ਹੋ ਗਈ ਸੀ।

Share This :

Leave a Reply