ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਪੁਲਿਸ ਦੁਆਰਾ ਯੂਰੋ ਫੁੱਟਬਾਲ ਕੱਪ ਦੇ ਫਾਈਨਲ ਦੌਰਾਨ ਵੈਂਬਲੇ ਸਟੇਡੀਅਮ ਵਿੱਚ ਮੱਚੀ ਹਫੜਾ ਦਫੜੀ ਦੇ ਸਬੰਧ ਵਿੱਚ ਲੋੜੀਂਦੇ ਦਸ ਬੰਦਿਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਇਹਨਾਂ ਲੋਕਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਪੁਲਿਸ ਨੇ ਲੋਕਾਂ ਨੂੰ ਇਹਨਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਲਈ ਅਪੀਲ ਕੀਤੀ ਹੈ। ਜਿਕਰਯੋਗ ਹੈ ਕਿ ਇੰਗਲੈਂਡ ਅਤੇ ਇਟਲੀ ਦਰਮਿਆਨ ਹੋਏ ਫੁੱਟਬਾਲ ਦੇ ਫਾਈਨਲ ਮੈਚ ਨੂੰ ਵੇਖਣ ਲਈ ਤਕਰੀਬਨ 2,500 ਦੇ ਕਰੀਬ ਬਿਨਾਂ ਟਿਕਟਾਂ ਦੇ ਲੋਕ ਵੈਂਬਲੇ ਸਟੇਡੀਅਮ ਵਿੱਚ ਦਾਖਲ ਹੋਏ ਸਨ , ਜਿਸ ਨਾਲ ਟਿਕਟ ਖਰੀਦ ਕੇ ਮੈਚ ਵੇਖਣ ਵਾਲੇ ਪ੍ਰਸ਼ੰਸਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।
ਮੈਚ ਦੌਰਾਨ ਬਿਨ ਟਿਕਟੇ ਲੋਕਾਂ ਵੱਲੋਂ ਹੋਰਨਾਂ ਨਾਲ ਧੱਕਾ ਮੁੱਕੀ ਕਰਨ ਦੀਆਂ ਵੀਡੀਓਜ਼ ਵੀ ਵਾਇਰਲ ਹੋਈਆਂ ਸਨ। ਲੰਡਨ ਪੁਲਿਸ ਅਨੁਸਾਰ ਮੈਚ ਤੋਂ ਬਾਅਦ ਅਧਿਕਾਰੀਆਂ ਨੇ ਸੀ ਸੀ ਟੀ ਵੀਵੀਡੀਓਜ਼ ਅਤੇ ਹੋਰ ਸਾਧਨਾਂ ਦੀ ਮੱਦਦ ਨਾਲ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਅਤੇ ਹੋਰ ਦੋਸ਼ੀਆਂ ਦੀ ਪਛਾਣ ਲਈ ਯਤਨ ਜਾਰੀ ਹਨ। ਪੁਲਿਸ ਦੁਆਰਾ ਜਾਰੀ ਕੀਤੇ ਗਏ ਚਿੱਤਰਾਂ ਵਿਚਲੇ ਲੋਕਾਂ ਦੀ ਪਛਾਣ ਕਰਨ ਦੀ ਅਪੀਲ ਵੀ ਜਾਰੀ ਕੀਤੀ ਗਈ ਹੈ ਅਤੇ ਵਿਭਾਗ ਅਨੁਸਾਰ ਇਸ ਹਫੜਾ ਦਫੜੀ ਦੇ ਜਿੰਮੇਵਾਰ ਲੋਕਾਂ ਨੂੰ ਨਤੀਜੇ ਭੁਗਤਣੇ ਪੈਣਗੇ।