ਯੂਕੇ: ਫਾਈਜ਼ਰ/ ਬਾਇਓਨਟੈਕ ਵੈਕਸੀਨ ਨੂੰ 12 ਤੋਂ 15 ਸਾਲ ਦੇ ਬੱਚਿਆਂ ਦੇ ਟੀਕਾਕਰਨ ਲਈ ਦਿੱਤੀ ਮਨਜ਼ੂਰੀ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਟੇਨ ਦੇ ਮੈਡੀਸਨ ਰੈਗੂਲੇਟਰ ਦੁਆਰਾ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਤਾਨੀਆ ਨੇ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੁਆਰਾ ਮਨਜ਼ੂਰੀ ਦੇਣ ਦੇ ਬਾਅਦ 12 ਤੋਂ 15 ਸਾਲ ਦੇ ਬੱਚਿਆਂ ਲਈ ਫਾਈਜ਼ਰ ਅਤੇ ਬਾਇਓਨਟੈਕ ਦੁਆਰਾ ਤਿਆਰ ਕੀਤੀ ਗਈ ਵੈਕਸੀਨ ਨੂੰ ਕੋਰੋਨਾ ਟੀਕਾਕਰਨ ਲਈ ਮਨਜ਼ੂਰ ਕੀਤਾ ਹੈ। ਰੈਗੂਲੇਟਰੀ ਸੰਸਥਾ ਦੀ ਮਨਜ਼ੂਰੀ ਤੋਂ ਬਾਅਦ ਹੁਣ ਇਹ ਯੋਜਨਾ ਦੇਸ਼ ਦੀ ਟੀਕਾਕਰਨ ਬਾਰੇ ਸੰਯੁਕਤ ਕਮੇਟੀ (ਜੇ.ਸੀ.ਵੀ.ਆਈ.) ‘ਤੇ ਨਿਰਭਰ ਕਰੇਗੀ ਕਿ ਉਹ ਬ੍ਰਿਟੇਨ ਦੀ ਟੀਕਾਕਰਨ ਰੋਲ-ਆਉਟ ਯੋਜਨਾ ਦੇ ਹਿੱਸੇ ਵਜੋਂ ਇਸ ਉਮਰ ਸਮੂਹ ਨੂੰ ਅੱਗੇ ਜਾਣ ਅਤੇ ਟੀਕਾ ਲਗਾਉਣ ਦੀ ਆਗਿਆ ਦਿੰਦੀ ਹੈ ਜਾਂ ਨਹੀਂ।

ਜਿਕਰਯੋਗ ਹੈ ਕਿ ਅਮਰੀਕਾ ਵਿੱਚ 12-15 ਸਾਲ ਦੇ ਬੱਚਿਆਂ ਦੇ ਪਹਿਲਾਂ ਹੀ ਫਾਈਜ਼ਰ ਦਾ ਕੋਰੋਨਾ ਟੀਕਾ ਲਗਾਇਆ ਜਾ ਰਿਹਾ ਹੈ, ਜਦਕਿ ਫਰਾਂਸ ਅਤੇ ਜਰਮਨੀ ਇਸ ਮਹੀਨੇ ਵੈਕਸੀਨ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਯੂਕੇ ਮੈਡੀਸਨਜ਼ ਐਂਡ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ ਦੇ ਬੁਲਾਰੇ ਅਨੁਸਾਰ ਏਜੰਸੀ ਨੇ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਕਲੀਨਿਕਲ ਅਜ਼ਮਾਇਸ਼ ਦੇ ਅੰਕੜਿਆਂ ਦੀ ਧਿਆਨ ਨਾਲ ਸਮੀਖਿਆ ਕੀਤੀ ਸੀ, ਜਿਸਦੇ ਤਹਿਤ ਫਾਈਜ਼ਰ / ਬਾਇਓਨਟੈਕ ਦਾ ਕੋਵਿਡ -19 ਟੀਕਾ ਇਸ ਉਮਰ ਸਮੂਹ ਵਿੱਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ ਅਤੇ ਇਸ ਟੀਕੇ ਦੇ ਲਾਭ ਕਿਸੇ ਵੀ ਜੋਖਮ ਤੋਂ ਵੱਧ ਹਨ।

Share This :

Leave a Reply