ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਪੈਦਾ ਹੋਏ ਤੇਲ ਸੰਕਟ ਦੌਰਾਨ ਲੋਕਾਂ ਵੱਲੋਂ ਪੈਟਰੋਲ ਪੰਪਾਂ ‘ਤੇ ਲਗਾਈਆਂ ਲੰਬੀਆਂ ਕਤਾਰਾਂ ਕਰਕੇ ਲੱਗਦੇ ਸਮੇਂਂ ਕਾਰਨ ਕਈ ਲੋਕਾਂ ਵੱਲੋਂ ਪੈਟਰੋਲ ਪੰਪਾਂ ਦੇ ਸਟਾਫ ਨਾਲ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ। ਤੇਲ ਇੰਡਸਟਰੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੈਟਰੋਲ ਸਟੇਸ਼ਨ ਦੇ ਕਰਮਚਾਰੀਆਂ ਨੂੰ ਉੱਚ ਪੱਧਰ ਦੇ ਸਰੀਰਕ ਅਤੇ ਜ਼ਬਾਨੀ ਦੁਰਵਿਵਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧ ਵਿੱਚ ਪੈਟਰੋਲ ਰਿਟੇਲਰਜ਼ ਐਸੋਸੀਏਸ਼ਨ ਨੇ ਕੁੱਝ ਡਰਾਈਵਰਾਂ ਦੇ ਗਲਤ ਵਤੀਰੇ ਦੀ ਨਿੰਦਾ ਕੀਤੀ ਹੈ। ਇਸ ਸੰਸਥਾ ਅਨੁਸਾਰ ਫਿਲਿੰਗ ਸਟੇਸ਼ਨ ਜੋ ਬੰਦ ਹੋ ਗਏ ਸਨ, ਹੁਣ ਦੁਬਾਰਾ ਖੁੱਲ੍ਹਣੇ ਸ਼ੁਰੂ ਹੋ ਗਏ ਹਨ ਕਿਉਂਕਿ ਪੈਟਰੋਲ ਪੰਪਾਂ ‘ਤੇ ਦਬਾਅ ਹੁਣ ਘੱਟ ਹੋਇਆ ਹੈ ਅਤੇ ਬਹੁਤ ਘੱਟ ਡਰਾਈਵਰ ਹੁਣ ਤੇਲ ਲਈ ਕਤਾਰ ਵਿੱਚ ਹਨ। ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਗੋਰਡਨ ਬਾਲਮਰ ਅਨੁਸਾਰ ਇਸ ਬਾਰੇ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਪੰਪਾਂ ‘ਤੇ ਸਟਾਫ ਨਾਲ ਲੜਾਈ ਝਗੜੇ ਹੋ ਰਹੇ ਹਨ। ਉਹਨਾਂ ਜਨਤਾ ਨੂੰ ਸਟਾਫ ਨਾਲ ਅਜਿਹਾ ਵਿਵਹਾਰ ਨਾ ਕਰਨ ਦੀ ਅਪੀਲ ਕੀਤੀ ਹੈ।
2021-09-30