ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਸਫਲਤਾ ਪੂਰਵਕ ਜਾਰੀ ਹੈ, ਪਰ ਇਸ ਸਬੰਧੀ ਨਵੇਂ ਅੰਕੜਿਆਂ ਅਨੁਸਾਰ ਯੂਕੇ ਵਿੱਚ ਇੱਕ ਚੌਥਾਈ ਕਾਲੇ ਮੂਲ ਦੇ ਬਜ਼ੁਰਗ ਲੋਕਾਂ ਨੂੰ ਕੋਰੋਨਾ ਟੀਕਾ ਨਹੀਂ ਲੱਗਿਆ ਹੈ। ਯੂਕੇ ਸਰਕਾਰ ਦੁਆਰਾ ਤਕਰੀਬਨ ਛੇ ਮਹੀਨੇ ਪਹਿਲਾਂ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ 26 ਮਈ ਤੱਕ ਕਾਲੇ ਮੂਲ ਦੇ 70 ਸਾਲ ਦੀ ਉਮਰ ਦੇ ਚਾਰ ਵਿੱਚੋਂ ਇੱਕ ਬਜੁਰਗ ਵਿਅਕਤੀ ਨੂੰ ਕੋਰੋਨਾ ਵੈਕਸੀਨ ਨਹੀਂ ਮਿਲੀ ਹੈ। ਜਦਕਿ ਇਸੇ ਉਸੇ ਹੀ ਉਮਰ ਦੇ 97% ਗੋਰੇ ਲੋਕਾਂ ਨੂੰ ਟੀਕਾ ਲੱਗ ਚੁੱਕਾ ਹੈ।
ਉਮਰ ਦੇ 50 ਵੇਂ ਦਹਾਕੇ ਦੇ ਕਾਲੇ ਲੋਕਾਂ ਵਿੱਚ, ਇਹ ਅੰਕੜਾ ਥੋੜ੍ਹਾ ਵਧ ਗਿਆ ਹੈ ਜੋ ਕਿ ਤਿੰਨਾਂ ਵਿੱਚੋਂ ਇੱਕ ਦੇ ਟੀਕਾਕਰਨ ਨਾਲ ਦਰਜ ਕੀਤਾ ਗਿਆ ਹੈ। ਇਹਨਾਂ ਅੰਕੜਿਆਂ ਅਨੁਸਾਰ ਘੱਟ ਟੀਕਾਕਰਨ ਦੀਆਂ ਦਰਾਂ ਖਾਸ ਕਰਕੇ ਅਫਰੀਕੀ ਅਤੇ ਕੈਰੇਬੀਅਨ ਪਿਛੋਕੜ ਵਾਲੇ ਲੋਕਾਂ ਵਿੱਚ ਜਿਆਦਾ ਹਨ।
ਇਸਦੇ ਨਾਲ ਹੀ ਦੱਖਣੀ ਏਸ਼ੀਆਈ ਪਿਛੋਕੜ ਵਾਲੇ ਲੋਕ ਵੀ ਗੋਰੇ ਲੋਕਾਂ ਨਾਲੋਂ ਟੀਕਾ ਲਗਵਾਏ ਜਾਣ ਵਿੱਚ ਘੱਟ ਹਨ। ਹਾਲਾਂਕਿ ਚੀਨੀ, ਪਾਕਿਸਤਾਨੀ ਅਤੇ ਭਾਰਤੀ ਪਿਛੋਕੜ ਦੇ 16 ਸਾਲ ਤੋਂ 49 ਸਾਲ ਦੀ ਉਮਰ ਦੇ ਲੋਕਾਂ ਵਿੱਚ ਟੀਕਾਕਰਨ ਦੀ ਦਰ ਉੱਚ ਪੱਧਰ ਦੀ ਹੈ। ਇਸਦੇ ਨਾਲ ਹੀ ਸਮੁੱਚੇ ਪੱਧਰ ‘ਤੇ ਯੂਕੇ ਵਿੱਚ ਟੀਕਾ ਲਗਵਾਉਣ ਸੰਬੰਧੀ ਝਿਜਕ ਘਟ ਗਈ ਹੈ, ਜਿਸ ਤਹਿਤ 18-24 ਸਾਲ ਦੀ ਉਮਰ ਦੇ 63% ਲੋਕਾਂ ਨੇ ਟੀਕੇ ਦੀ ਪੇਸ਼ਕਸ਼ ਹੋਣ ‘ਤੇ ਇਸਨੂੰ ਲਗਵਾਉਣ ਦੀ ਇੱਛਾ ਜਾਹਿਰ ਕੀਤੀ ਹੈ ਜੋ ਕਿ ਅਕਤੂਬਰ 2020 ਦੇ 41% ਤੋਂ ਵੱਧ ਹੈ।