ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਵਾਇਰਸ ਪ੍ਰਤੀ ਜਾਣਕਾਰੀ ਅਤੇ ਹੋਰ ਸਹੂਲਤਾਂ ਦੇਣ ਲਈ ਸਰਕਾਰ ਵੱਲੋਂ ਇੱਕ ਐਪ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਐਪ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਨੇੜਲੇ ਸੰਪਰਕਾਂ ਨੂੰ ਇਕਾਂਤਵਾਸ ਹੋਣ ਲਈ ਵੀ ਸੂਚਿਤ ਕਰਦੀ ਹੈ। ਇਸ ਐਪ ਸਬੰਧੀ ਅੰਕੜਿਆਂ ਅਨੁਸਾਰ ਇੰਗਲੈਂਡ ਵਿੱਚ ਐੱਨ ਐੱਚ ਐੱਸ ਐਪ ਦੁਆਰਾ ਇੱਕ ਹਫਤੇ ਦੇ ਸਮੇਂ ਦੌਰਾਨ ਇਕਾਂਤਵਾਸ ਲਈ ਉਪਭੋਗਤਾਵਾਂ ਨੂੰ ਪੰਜ ਲੱਖ ਤੋਂ ਵੱਧ ਅਲਰਟ ਭੇਜੇ। ਐਪ ਦੁਆਰਾ 7 ਜੁਲਾਈ ਦੇ ਹਫਤੇ ਤੱਕ ਕੁੱਲ 520,194 ਨੋਟੀਫਿਕੇਸ਼ਨ ਭੇਜੇ ਗਏ ਸਨ, ਜਿਹਨਾਂ ਰਾਹੀਂ ਇਸ ਦੱਸਿਆ ਗਿਆ ਕਿ ਉਹ ਕਿਸੇ ਅਜਿਹੇ ਵਿਅਕਤੀ ਨਾਲ ਨੇੜਲੇ ਸੰਪਰਕ ਵਿੱਚ ਰਹੇ ਹਨ ਜਿਸਨੇ ਕੋਰੋਨਾ ਵਾਇਰਸ ਲਈ ਸਕਾਰਾਤਮਕ ਟੈਸਟ ਲਿਆ ਸੀ।
ਐਪ ਦੁਆਰਾ ਵੱਡੇ ਪੱਧਰ ‘ਤੇ ਭੇਜੇ ਗਏ ਇਕਾਂਤਵਾਸ ਸਬੰਧੀ ਅਲਰਟਾਂ ਕਰਕੇ ਜਿਆਦਾਤਰ ਕੰਮਕਾਜੀ ਲੋਕ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਹੋਏ। ਇਹਨਾਂ ਸੁਨੇਹਿਆਂ ਸਬੰਧੀ ਕਮਿਊਨੀਟੀਜ਼ ਦੇ ਸਕੱਤਰ ਰਾਬਰਟ ਜੇਨਰਿਕ ਅਨੁਸਾਰ ਸਰਕਾਰ ਸੁਨੇਹਾ ਮਿਲਣ ਤੋਂ ਬਾਅਦ ਕੰਮ ਤੋਂ ਛੁੱਟੀ ਲੈਣ ਵਾਲੇ ਲੋਕਾਂ ਦੀ ਗਿਣਤੀ ਬਾਰੇ ਚਿੰਤਤ ਹੈ। ਇਸ ਕਰਕੇ ਕੁੱਝ ਕੰਪਨੀਆਂ ਨੇ ਇਸ ਸਿਸਟਮ ਦੇ ਨਤੀਜੇ ਵਜੋਂ ਆਪਣੇ 20% ਸਟਾਫ ਦੇ ਗੈਰਹਾਜ਼ਰ ਹੋਣ ਦੀ ਰਿਪੋਰਟ ਕੀਤੀ ਹੈ।
ਮੈਨੂਫੈਕਚਰਿੰਗ ਯੂਨੀਅਨ ਨੇ ਦੱਸਿਆ ਕਿ ਐਪ ਦੁਆਰਾ ਟੈਸਟ ਅਤੇ ਟਰੇਸ ਕਾਰਨ ਸਟਾਫ ਦੀ ਘਾਟ ਕਾਰਨ ਫੈਕਟਰੀਆਂ ਬੰਦ ਹੋਣ ਦੀ ਕਗਾਰ ‘ਤੇ ਹਨ। ਇਸ ਤੋਂ ਪਹਿਲਾਂ ਸਿਹਤ ਸਕੱਤਰ ਸਾਜਿਦ ਜਾਵਿਦ ਵੱਲੋਂ ਕੋਵਿਡ ਐਪ ਵਿੱਚ ਸੁਧਾਰ ਕਰਨ ਦੀ ਗੱਲ ਕਹੀ ਗਈ ਹੈ, ਜਿਸ ਨਾਲ ਕਿ ਘੱਟ ਲੋਕਾਂ ਨੂੰ ਇਕਾਂਤਵਾਸ ਦੀ ਸੂਚਨਾ ਭੇਜੀ ਜਾ ਸਕੇ ਕਿਉਂਕਿ ਜਿਆਦਾਤਰ ਲੋਕਾਂ ਨੇ ਕੋਰੋਨਾ ਵੈਕਸੀਨ ਲਗਵਾ ਲਈ ਹੈ। ਇਸਦੇ ਇਲਾਵਾ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਕੋਵਿਡ ਕੇਸਾਂ ਦੇ ਸੰਪਰਕ ਵਿੱਚ ਰਹੇ ਲੋਕਾਂ ਲਈ ਪੂਰੀ ਤਰ੍ਹਾਂ ਟੀਕਾ ਲਗਵਾਉਣ ਦੀ ਸੂਰਤ ਵਿੱਚ 16 ਅਗਸਤ ਤੋਂ ਇਕਾਂਤਵਾਸ ਹੋਣ ਦੀ ਜਰੂਰਤ ਨਹੀ ਹੋਵੇਗੀ।