ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਨੂੰ ਵਿਗਿਆਨਕ ਖੇਤਰ ਵਿੱਚ ਸੰਸਾਰ ਪੱਧਰ ‘ਤੇ ਇੱਕ ਮਹਾਂਸ਼ਕਤੀ ਬਣਾਉਣ ਲਈ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੁਆਰਾ ਨਵੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਸ ਵਿੱਚ ਵਿੱਤੀ ਸਹਾਇਤਾ ਲਈ ਬਜਟ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਇੱਕ ਨਵੀਂ ਰਾਸ਼ਟਰੀ ਵਿਗਿਆਨ ਅਤੇ ਟੈਕਨਾਲੋਜੀ ਕੌਂਸਲ ਦੀ ਪ੍ਰਧਾਨਗੀ ਕਰਨਗੇ, ਜਿਸ ਵਿੱਚ ਵਿਗਿਆਨ ਦੇ ਖੇਤਰ ਵਿੱਚ ਵਿਕਾਸ ਕਰਨ ਲਈ ਰਣਨੀਤਕ ਦਿਸ਼ਾ ਪ੍ਰਦਾਨ ਕੀਤੀ ਜਾਵੇਗੀ ।
ਇਸ ਯੋਜਨਾ ਤਹਿਤ ਸਰਕਾਰ ਦੇ ਮੁੱਖ ਵਿਗਿਆਨਕ ਸਲਾਹਕਾਰ ਪੈਟਰਿਕ ਵਾਲੈਂਸ, ਵਿਗਿਆਨ ਅਤੇ ਟੈਕਨੋਲੋਜੀ ਰਣਨੀਤੀ ਲਈ ਨਵੇਂ ਦਫਤਰ ਦੀ ਅਗਵਾਈ ਕਰਨਗੇ ਅਤੇ ਆਪਣੀ ਮੌਜੂਦਾ ਭੂਮਿਕਾ ਦੇ ਨਾਲ-ਨਾਲ ਨਵੇਂ ਰਾਸ਼ਟਰੀ ਟੈਕਨਾਲੋਜੀ ਸਲਾਹਕਾਰ ਦੀ ਭੂਮਿਕਾ ਵੀ ਨਿਭਾਉਣਗੇ। ਜੌਹਨਸਨ ਅਨੁਸਾਰ ਯੂਕੇ ਦੇ ਟੀਕਾਕਰਨ ਪ੍ਰੋਗਰਾਮ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਯੂਕੇ ਵਿਗਿਆਨ ਦੇ ਖੇਤਰ ਵਿੱਚ ਸੰਸਾਰ ਭਰ ਵਿੱਚੋਂ ਮੋਹਰੀ ਬਣ ਸਕਦਾ ਹੈ। ਇਸ ਤਹਿਤ ਸਰਕਾਰ ਨੇ ਵਿਗਿਆਨ ਦੇ ਖੇਤਰ ਵਿੱਚ ਭਾਰੀ ਫੰਡ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ।
ਇਸ ਉਦੇਸ਼ ਨੂੰ ਪੂਰਾ ਕਰਨ ਲਈ ਰਿਸਰਚ ਸਬੰਧੀ ਖਰਚਿਆਂ ਨੂੰ ਸਾਲ ਵਿੱਚ ਤਕਰੀਬਨ 15 ਬਿਲੀਅਨ ਤੋਂ ਵਧਾ ਕੇ 2025 ਤੱਕ 22 ਬਿਲੀਅਨ ਪੌਂਡ ਕਰਨਾ ਹੈ। ਸਾਇੰਸ ਐਂਡ ਟੈਕਨੋਲੋਜੀ ਦਫਤਰ ਦੀ ਇਸ ਰਣਨੀਤੀ ਦਾ ਉਦੇਸ਼ ਸਰਕਾਰ ਦੀਆਂ ਖੋਜਾਂ ਨੂੰ ਅੱਗੇ ਵਧਾਉਣਾ ਹੈ ਅਤੇ ਪ੍ਰਧਾਨ ਮੰਤਰੀ ਟੀਕੇ ਪ੍ਰਤੀ ਯੂਕੇ ਦੀ ਪਹੁੰਚ ਦੀ ਸਫਲਤਾ ਨੂੰ ਵਧਾਉਣ ਦੇ ਨਾਲ ਇਸ ਨੂੰ ਹੋਰ ਤਰਜੀਹਾਂ ‘ਤੇ ਵੀ ਲਾਗੂ ਕਰਨਾ ਚਾਹੁੰਦੇ ਹਨ। ਜਿਸ ਵਿੱਚ ਸ਼ੁੱਧ ਜ਼ੀਰੋ ਕਾਰਬਨ ਨਿਕਾਸ ਤੱਕ ਪਹੁੰਚਣ ਲਈ ਤਕਨਾਲੋਜੀ ਦਾ ਵਿਕਾਸ ਕਰਨਾ ਅਤੇ ਕੈਂਸਰ ਦਾ ਸਹੀ ਢੰਗ ਨਾਲ ਇਲਾਜ ਕਰਨਾ ਆਦਿ ਸ਼ਾਮਲ ਹੈ। ਉਮੀਦ ਹੈ ਕਿ ਸਰਕਾਰ ਦੀ ਇਸ ਪਹਿਲ ਨਾਲ ਯੂਕੇ ਵਿਗਿਆਨ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੂਹੇਗਾ।