UK: ਐੱਨ. ਐੱਚ. ਐੱਸ. ਵੱਲੋਂ ਕੋਵਿਡ ਐਪ ‘ਚ ਕੀਤਾ ਜਾਵੇਗਾ ਇਹ ਸੁਧਾਰ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿੱਚ ਵਰਤੀ ਜਾਂਦੀ ਐੱਨ. ਐੱਚ. ਐੱਸ. ਕੋਵਿਡ ਐਪ ਕੋਰੋਨਾ ਪੀੜਤਾਂ ਦੇ ਸੰਪਰਕ ਵਿੱਚ ਆਏ ਨੇੜਲੇ ਸੰਪਰਕਾਂ ਨੂੰ ਇਕਾਂਤਵਾਸ ਹੋਣ ਲਈ ਸੂਚਿਤ ਕਰਦੀ ਹੈ। ਲੱਖਾਂ ਲੋਕਾਂ ਨੂੰ ਬੇਲੋੜੀਂਦੇ ਇਕਾਂਤਵਾਸ ਸਬੰਧੀ ਅਲਰਟ ਭੇਜਣ ਕਾਰਨ ਐਪ ਵਿੱਚ ਸੁਧਾਰ ਕੀਤਾ ਜਾਵੇਗਾ। ਇਸ ਐਪ ਦੁਆਰਾ ਭੇਜੇ ਜਾਣ ਵਾਲੇ ਇੱਕ ਹਫਤੇ ਦੇ ਐਕਸਪੋਜ਼ਰ ਅਲਰਟਾਂ ਵਿੱਚ 60% ਤੋਂ ਵੱਧ ਦਾ ਵਾਧਾ ਹੋਇਆ ਹੈ। ਯੂ.ਕੇ. ਦੀ ਸਿਹਤ ਸੁਰੱਖਿਆ ਏਜੰਸੀ ਦੇ ਮੁਖੀ ਡਾ. ਜੈਨੀ ਹੈਰੀ ਨੇ ਵੀਰਵਾਰ ਨੂੰ ਕਾਮਨਜ਼ ਪਬਲਿਕ ਅਕਾਉਂਟਸ ਕਮੇਟੀ ਨੂੰ ਦੱਸਿਆ ਕਿ ਇਸ ਐਪ ਵਿੱਚ ਸੁਧਾਰ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਲੱਖਾਂ ਲੋਕਾਂ ਨੂੰ ਐਪ ਦੇ ਟੈਸਟ ਅਤੇ ਟਰੇਸ ਰਾਹੀਂ ਇਕਾਂਤਵਾਸ ਲਈ ਸੂਚਿਤ ਕੀਤਾ ਜਾ ਸਕਦਾ ਹੈ। ਡਾ. ਹੈਰੀ ਨੇ ਕਿਹਾ ਕਿ ਐਪ ਵਿੱਚ ਤਬਦੀਲੀਆਂ ਦੌਰਾਨ ਇਹ ਧਿਆਨ ਰੱਖਿਆ ਜਾਵੇਗਾ ਕਿ ਇਕਾਂਤਵਾਸ ਲਈ ਜ਼ਿਆਦਾ ਲੋਕਾਂ ਨੂੰ ਅਲਰਟ ਨਾ ਭੇਜੇ ਜਾਣ ਕਿਉਂਕਿ ਮੌਜੂਦਾ ਸਮੇਂ ਜ਼ਿਆਦਾ ਤੋਂ ਜ਼ਿਆਦਾ ਲੋਕ ਕੋਰੋਨਾ ਟੀਕਾ ਲਗਵਾ ਰਹੇ ਹਨ।

ਸਿਹਤ ਮਾਹਿਰਾਂ ਅਨੁਸਾਰ ਇਹ ਐਪ ਮਹਾਂਮਾਰੀ ਦੌਰਾਨ ਉਸ ਸਮੇਂ ਚਲਾਈ ਗਈ ਸੀ, ਜਦੋਂ ਕੋਰੋਨਾ ਵੈਕਸੀਨ ਦੀ ਸ਼ੁਰੂਆਤ ਨਹੀਂ ਹੋਈ ਸੀ ਅਤੇ ਇਸ ਵਿੱਚ ਸੁਧਾਰ ਦੀ ਜਰੂਰਤ ਹੈ। 30 ਜੂਨ ਦੇ ਹਫਤੇ ਤੱਕ ਇੰਗਲੈਂਡ ਵਿੱਚ ਐਪ ਦੀ ਵਰਤੋਂ ਕਰਨ ਵਾਲਿਆਂ ਨੂੰ ਤਕਰੀਬਨ 356,036 ਅਲਰਟ ਭੇਜੇ ਗਏ ਹਨ। ਇਸ ਐਪ ਰਾਹੀਂ ਮੌਜੂਦਾ ਸਮੇਂ ਇਕਾਂਤਵਾਸ ਸਬੰਧੀ ਅਲਰਟ ਹਰੇਕ ਨੂੰ ਭੇਜੇ ਗਏ ਹਨ ਜੋ ਕਿਸੇ ਵੀ ਵਾਇਰਸ ਪੀੜਤ ਨਾਲ ਨਜ਼ਦੀਕੀ ਸੰਪਰਕ ਵਿੱਚ ਰਿਹਾ ਹੈ। ਸਿਹਤ ਮਾਹਿਰਾਂ ਵੱਲੋਂ ਕਿਸੇ ਵਾਇਰਸ ਪੀੜਤ ਦੇ ਦੋ ਮੀਟਰ ਦੇ ਅੰਦਰ 15 ਮਿੰਟ ਬਿਤਾਉਣ ਵਾਲੇ ਨੂੰ ਨੇੜਲੇ ਸੰਪਰਕ ਵਜੋਂ ਮੰਨਿਆ ਜਾਂਦਾ ਹੈ।

Share This :

Leave a Reply