ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ 8,000 ਤੋਂ ਵੱਧ ਲੋਕ ਬੁੱਧਵਾਰ ਨੂੰ ਕੋਵਿਡ ਦੇ ਕਾਰਨ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਰਹੇ ਦਰਜ ਹੋਏ ਹਨ। ਇਹ ਅੰਕੜਾ ਪਿਛਲੇ ਲਗਭਗ ਛੇ ਮਹੀਨਿਆਂ ਦਾ ਸਭ ਤੋਂ ਜਿਆਦਾ ਹੈ। ਇਸ ਸਬੰਧੀ ਸਿਹਤ ਮਾਹਰ ਫਿਰ ਤੋਂ ਵਾਇਰਸ ਦੀ ਲਾਗ ਫੈਲਣ ਸਬੰਧੀ ਚਿੰਤਾ ਵਿੱਚ ਹਨ। ਸਰਕਾਰੀ ਅੰਕੜਿਆਂ ਅਨੁਸਾਰ ਯੂਕੇ ਭਰ ਦੇ ਹਸਪਤਾਲਾਂ ਵਿੱਚ 8,085 ਲੋਕ ਪਿਛਲੇ ਹਫਤੇ ਨਾਲੋਂ 6% ਵਾਧੇ ਨੂੰ ਦਰਸਾਉਂਦੇ ਹਨ। ਹਾਲਾਂਕਿ ਇਹ ਅੰਕੜੇ ਦੂਜੀ ਲਹਿਰ ਦੇ ਸਿਖਰ ‘ਤੇ ਦਰਜ ਕੀਤੇ ਗਏ ਅੰਕੜਿਆਂ ਤੋਂ ਬਹੁਤ ਘੱਟ ਹਨ, ਉਸ ਸਮੇਂ 18 ਜਨਵਰੀ ਨੂੰ ਕੋਵਿਡ -19 ਤੋਂ ਪੀੜਤ ਤਕਰੀਬਨ 39,254 ਮਰੀਜ਼ ਹਸਪਤਾਲ ਵਿੱਚ ਦਾਖਲ ਸਨ।
ਮਈ ਵਿੱਚ ਵਾਇਰਸ ਦੀ ਤੀਜੀ ਲਹਿਰ ਦੇ ਸ਼ੁਰੂ ਹੋਣ ਤੋਂ ਬਾਅਦ ਹਸਪਤਾਲਾਂ ‘ਚ ਮਰੀਜ਼ਾਂ ਦੀ ਗਿਣਤੀ ਹੌਲੀ ਹੌਲੀ ਪਰ ਲਗਾਤਾਰ ਵਧ ਰਹੀ ਹੈ। ਅੰਕੜਿਆਂ ਅਨੁਸਾਰ ਸਕਾਟਲੈਂਡ ਵਿੱਚ 928 ਮਰੀਜ਼ ਅਤੇ ਵੇਲਜ਼ ਵਿੱਚ 428 ਕੋਰੋਨਾ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ। ਇਸਦੇ ਨਾਲ ਹੀ ਉੱਤਰੀ ਆਇਰਲੈਂਡ ਵਿੱਚ 472 ਅਤੇ ਇੰਗਲੈਂਡ ਵਿੱਚ ਇਹ ਗਿਣਤੀ 6,254 ਹੈ। ਯੂਕੇ ਸਰਕਾਰ ਦੁਆਰਾ ਵਾਇਰਸ ਦੀ ਲਾਗ ਨੂੰ ਰੋਕਣ ਅਤੇ ਖਾਸਕਰ ਕਮਜੋਰ ਲੋਕਾਂ ਨੂੰ ਜਿਆਦਾ ਸੁਰੱਖਿਆ ਪ੍ਰਦਾਨ ਕਰਨ ਲਈਕੋਰੋਨਾ ਵੈਕਸੀਨ ਦੀਆਂ ਬੂਸਟਰ ਖੁਰਾਕਾਂ ਦੇਣ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ।