ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿਚ ਕੋਰੋਨਾ ਮਹਾਮਾਰੀ ਵਿਚ ਸਰਕਾਰ ਵੱਲੋਂ ਜਾਰੀ ਕੀਤੀ ਗਈ ਐੱਨ. ਐੱਚ. ਐੱਸ. ਕੋਵਿਡ-19 ‘ਟੈਸਟ ਐਂਡ ਟਰੇਸ’ ਐਪ ਨੂੰ ਲੱਖਾਂ ਲੋਕਾਂ ਨੇ ਡਿਲੀਟ ਕਰ ਦਿੱਤਾ ਹੈ। ਇਹ ਐਪ ਉਹਨਾਂ ਲੋਕਾਂ ਨੂੰ ਇਕਾਂਤਵਾਸ ਹੋਣ ਲਈ ਸੂਚਿਤ ਕਰਦੀ ਹੈ, ਜੋ ਵਾਇਰਸ ਪੀੜਤ ਲੋਕਾਂ ਦੇ ਨੇੜਲੇ ਸੰਪਰਕਾਂ ਵਿਚ ਸਨ ਪਰ ਪਿਛਲੇ ਦਿਨਾਂ ਦੌਰਾਨ ਇਸ ਐਪ ਨੇ ਸਿਰਫ਼ ਸੱਤ ਦਿਨਾਂ ਵਿਚ ਹੀ 530,000 ਤੋਂ ਵੱਧ ਲੋਕਾਂ ਨੂੰ ਨੋਟੀਫਿਕੇਸ਼ਨਾਂ ਭੇਜੀਆਂ ਹਨ। ਇਹ ਐਪ ਜ਼ਿਆਦਾਤਰ ਲੋਕਾਂ ਨੂੰ ਸੂਚਿਤ ਕਰ ਰਹੀ ਹੈ ਅਤੇ ਉਨ੍ਹਾਂ ਉਪਭੋਗਤਾਵਾਂ ਨੂੰ ਵੀ ਅਲਰਟ ਭੇਜਿਆ ਜਾ ਰਿਹਾ ਹੈ ਜੋ ਕਦੇ ਵੀ ਵਾਇਰਸ ਪੀੜਤਾਂ ਦੇ ਸੰਪਰਕ ਵਿਚ ਨਹੀਂ ਆਏ।
ਅੰਕੜਿਆਂ ਅਨੁਸਾਰ 7 ਦਿਨਾਂ ਵਿਚ ਇੰਗਲੈਂਡ ‘ਚ 520,194 ਅਤੇ ਵੇਲਜ਼ ਵਿਚ 9,932 ਅਲਰਟਾਂ ਦੇ ਨਾਲ ਕੁੱਲ 530,126 ਅਲਰਟ ਭੇਜੇ ਗਏ।
ਇਸ ਐਪ ਦੇ ਅਲਰਟਾਂ ਕਾਰਨ ਕਈ ਲੋਕਾਂ ਨੇ ਇਕਾਂਤਵਾਸ ਹੋਣ ਲਈ ਆਪਣੇ ਕੰਮਾਂ ਤੋਂ ਵੀ ਛੁੱਟੀ ਲਈ। ਇਸ ਐਪ ਵੱਲੋਂ ਭੇਜੇ ਜਾ ਰਹੇ ਗੈਰ-ਜ਼ਰੂਰੀ ਅਲਰਟਾਂ ਕਾਰਨ ਲੋਕ ਇਸ ਨੂੰ ਡਿਲੀਟ ਕਰ ਰਹੇ ਹਨ, ਕਿਉਂਕਿ ਜ਼ਿਆਦਾਤਰ ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ ਪਰ ਪ੍ਰਸ਼ਾਸਨ ਵੱਲੋਂ ਲੱਖਾਂ ਲੋਕਾਂ ਨੂੰ ਐਪ ਡਿਲੀਟ ਨਾ ਕਰਨ ਦੀ ਬੇਨਤੀ ਕੀਤੀ ਜਾ ਰਹੀ ਹੈ। ਅੰਕੜਿਆਂ ਅਨੁਸਾਰ 26 ਮਿਲੀਅਨ ਲੋਕਾਂ ਨੇ ਇਸ ਐਪ ਨੂੰ ਡਾਊਨਲੋਡ ਕੀਤਾ ਹੈ, ਜਦਕਿ ਲੱਗਭਗ 5 ਮਿਲੀਅਨ ਲੋਕਾਂ ਨੇ ਇਸ ਨੂੰ ਡਿਲੀਟ ਕਰ ਦਿੱਤਾ ਹੈ। ਇਕ ਰਿਪੋਰਟ ਅਨੁਸਾਰ 18 ਤੋਂ 24 ਸਾਲ ਦੇ ਇਕ ਤਿਹਾਈ ਨੌਜਵਾਨਾਂ ਨੇ ਐਪ ਨੂੰ ਡਿਲੀਟ ਕੀਤਾ ਹੈ ਅਤੇ ਕਈ ਹੋਰ 19 ਜੁਲਾਈ ਤੋਂ ਬਾਅਦ ਇਸ ਐਪ ਨੂੰ ਡਿਲੀਟ ਕਰ ਸਕਦੇ ਹਨ।