ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਕੋਰਨਵਾਲ ਵਿੱਚ 11 ਤੋਂ 13 ਜੂਨ ਤੱਕ ਹੋ ਰਹੇ ਜੀ 7 ਸੰਮੇਲਨ ਦੌਰਾਨ ਮੀਡੀਆ ਅਤੇ ਸੁਰੱਖਿਆ ਕਰਮਚਾਰੀਆਂ ਦੇ ਰਹਿਣ ਵਾਲੇ ਹੋਟਲ ਨੂੰ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਬੰਦ ਕੀਤਾ ਜਾ ਰਿਹਾ ਹੈ। ਕਾਰਡਿਸ ਬੇਅ ਤੋਂ ਇੱਕ ਮੀਲ ਦੀ ਦੂਰੀ ‘ਤੇ ਸੇਂਟ ਇਵਜ਼ ਵਿਖੇ ਸਥਿਤ ਪੇਡਨ-ਓਲਵਾ ਹੋਟਲ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਹੈ ਕਿ ਹੋਟਲ ਦੇ 17 ਵਿੱਚੋਂ 13 ਕਰਮਚਾਰੀ ਵਾਇਰਸ ਨਾਲ ਪੀੜਤ ਪਾਏ ਗਏ ਹਨ। ਹੋਟਲ ਦੇ ਮਾਲਕ ਐਸਟਲ ਬਰੂਅਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਡਨ ਓਲਵਾ, ਸੇਂਟ ਇਵਜ਼ ਵਿੱਚ ਟੀਮ ਦੇ ਕਈ ਮੈਂਬਰਾਂ ਨੇ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤਾ ਹੈ।
ਇਸ ਲਈ ਇਨ੍ਹਾਂ ਕੇਸਾਂ ਬਾਰੇ ਪਬਲਿਕ ਹੈਲਥ ਇੰਗਲੈਂਡ ਨੂੰ ਤੁਰੰਤ ਸੂਚਿਤ ਕੀਤਾ ਹੈ ਅਤੇ ਸੁਰੱਖਿਆ ਦੇ ਸਾਰੇ ਢੁੱਕਵੇਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਇਸ ਸੰਬੰਧੀ ਪੀ ਐਚ ਈ ਅਤੇ ਕੋਰਨਵਾਲ ਕੌਂਸਲ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ, ਹੋਟਲ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਪੂਰਾ ਤਰ੍ਹਾਂ ਸਫਾਈ ਹੋ ਜਾਣ ਤੋਂ ਬਾਅਦ ਹੋਟਲ ਨੂੰ ਦੁਬਾਰਾ ਖੋਲ੍ਹਿਆ ਜਾਵੇਗਾ।