UK: ਸੁਪਰ ਮਾਰਕੀਟਾਂ ‘ਚ ਇਸ ਵਜ੍ਹਾ ਕਾਰਨ ਹੋਈ ਕਾਮਿਆਂ ਦੀ ਘਾਟ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)– ਯੂਕੇ ਵਿੱਚ ਪਿਛਲੇ ਦਿਨਾਂ ਦੌਰਾਨ ਐੱਨ ਐੱਚ ਐੱਸ ਕੋਵਿਡ ਐਪ ਵੱਲੋਂ ਲੱਖਾਂ ਲੋਕਾਂ ਨੂੰ ਇਕਾਂਤਵਾਸ ਹੋਣ ਲਈ ਸੂਚਨਾ ਦਿੱਤੀ ਗਈ ਹੈ। ਜਿਸ ਦਾ ਪ੍ਰਭਾਵ ਜਿਆਦਾਤਰ ਸੁਪਰ ਮਾਰਕੀਟਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਗਰੌਸਰੀ ਆਦਿ ਸਟੋਰਾਂ ਵਿੱਚ ਸੈਲਫਾਂ ਅਤੇ ਅਲਮਾਰੀਆਂ ਬਿਨਾਂ ਸਮਾਨ ਦੇ ਖਾਲੀ ਮਿਲ ਰਹੀਆਂ ਹਨ। ਇਕਾਂਤਵਾਸ ਦੀਆਂ ਸੂਚਨਾਵਾਂ ਕਾਰਨ ਸੁਪਰ ਮਾਰਕੀਟਾਂ ਦਾ ਸਟਾਫ ਘਰ ਰਹਿਣ ਲਈ ਮਜ਼ਬੂਰ ਹੈ ਅਤੇ ਖੁਰਾਕ ਸਪਲਾਈ ‘ਤੇ ਢੋਆ ਢੁਆਈ ਕਰਨ ਵਾਲੇ ਮਜ਼ਦੂਰਾਂ, ਡਰਾਈਵਰਾਂ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ। ਭੋਜਨ ਸਪਲਾਈ ਕਰਨ ਵਾਲੀਆਂ ਕੰਪਨੀਆਂ, ਫਲਾਂ ਅਤੇ ਸ਼ਾਕਾਹਾਰੀ ਵਸਤਾਂ ਦੇ ਖੇਤਾਂ ਅਤੇ ਸੁਪਰਮਾਰਕੀਟਾਂ ਦਾ ਸਟਾਫ ਉਹਨਾਂ ਹਜ਼ਾਰਾਂ ਲੋਕਾਂ ਵਿੱਚ ਸ਼ਾਮਲ ਹੈ, ਜਿਹਨਾਂ ਨੂੰ ਟੈਸਟ ਐਂਡ ਟਰੇਸ ਤਹਿਤ ਐਪ ਦੁਆਰਾ ਇਕਾਂਤਵਾਸ ਲਈ ਕਿਹਾ ਗਿਆ ਹੈ। ਐਡਿਨਬਰਾ, ਡੇਵੋਨ, ਹੈਂਪਸ਼ਾਇਰ, ਲੰਡਨ ਅਤੇ ਲਿਵਰਪੂਲ ਤੋਂ ਇਲਾਵਾ ਹੋਰ ਥਾਵਾਂ ਤੋਂ ਵੀ ਸੈਂਕੜੇ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਪੋਸਟ ਕੀਤੀਆਂ ਹਨ ਜਿਸ ਵਿੱਚ ਖਾਲੀ ਸਟੋਰਾਂ ਨੂੰ ਦਿਖਾਇਆ ਗਿਆ ਹੈ। ਇਹਨਾਂ ਸੂਚਨਾਵਾਂ ਦੇ ਵਾਧੇ ਤੋਂ ਪਹਿਲਾਂ ਵੀ ਫੂਡ ਇੰਡਸਟਰੀ  ਨੂੰ ਖਾਲੀ ਅਲਮਾਰੀਆਂ ਦੀ ਚੇਤਾਵਨੀ ਦਿੱਤੀ ਜਾ ਰਹੀ ਸੀ ਕਿਉਂਕਿ ਟਰੱਕ ਡਰਾਈਵਰਾਂ ਦੀ ਘਾਟ ਨੇ ਵੀ ਸੁਪਰਮਾਰਕੀਟ ਵਿੱਚ ਭੋਜਨ, ਸਮਾਨ ਆਦਿ ਦੀ ਸਪੁਰਦਗੀ ਵਿੱਚ ਦੇਰੀ ਕੀਤੀ ਹੈ।ਸੁਪਰ ਮਾਰਕੀਟ ਟੈਸਕੋ ਅਨੁਸਾਰ  ਡਰਾਈਵਰਾਂ ਦੀ ਘਾਟ ਕਾਰਨ ਹਰ ਹਫ਼ਤੇ 48 ਟਨ ਖਾਣਾ ਬਰਬਾਦ ਹੋਇਆ ਹੈ। ਕੰਪਨੀਆਂ ਅਨੁਸਾਰ ਬਹੁਤ ਸਾਰੇ ਯੂਰਪੀਅਨ ਡਰਾਈਵਰ ਬ੍ਰੇਕਸਿਟ ਅਤੇ ਰਾਸ਼ਟਰੀ ਤਾਲਾਬੰਦ ਹੋਣ ਕਰਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਇਸਦੇ ਇਲਾਵਾ ਮਹਾਂਮਾਰੀ ਨੇ ਵੀ ਕਈਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਇਸ ਸਥਿਤੀ ਵਿੱਚ ਸੁਪਰਮਾਰਕੀਟ ਦੁਕਾਨਦਾਰਾਂ ਨੂੰ ਨਾ ਘਬਰਾਉਣ ਦੀ ਅਪੀਲ ਕਰ ਰਹੇ ਹਨ ਅਤੇ ਕੁੱਝ ਦੁਕਾਨਦਾਰਾਂ ਨੇ ਚੰਗੀ ਤਰ੍ਹਾਂ ਭਰੀਆਂ ਹੋਈਆਂ ਅਲਮਾਰੀਆਂ ਦੀਆਂ ਫੋਟੋਆਂ ਵੀ ਪੋਸਟ ਕੀਤੀਆਂ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਭੋਜਨ ਦੀ ਘਾਟ ਨਹੀਂ ਹੋਈ ਹੈ।

Share This :

Leave a Reply