ਡਾ. ਸਾਹਿਬ ਸਿੰਘ ਦੇ ਇੱਕ ਪਾਤਰੀ ਨਾਟਕ “ਸੰਮਾਂ ਵਾਲੀ ਡਾਂਗ” ਨੇ ਦਰਸ਼ਕ ਭਾਵੁਕ ਕੀਤੇ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਇੰਡੀਅਨ ਵਰਕਰਜ਼ ਐਸੋਸੀਏਸ਼ਨ (ਜੀ. ਬੀ.) ਗਰੀਨਿਚ ਐਂਡ ਬੈਕਸਲੀ ਬਰਾਂਚ ਵੱਲੋਂ ਸਲਾਨਾ ਜਨਤਕ ਮਿਲਣੀ ਅਤੇ ਸੱਭਿਆਚਾਰਕ ਸਮਾਗਮ ਕਰਾਈਸਟ ਚਰਚ ਹਾਲ ਈਰਥ ਵਿਖੇ ਕਰਵਾਇਆ ਗਿਆ। ਬੇਸ਼ੱਕ ਇਹ ਸਮਾਗਮ ਹਰ ਸਾਲ ਹੁੰਦਾ ਹੈ ਪਰ ਇਸ ਵਾਰ ਇਸਦੀ ਵਿਲੱਖਣਤਾ ਇਹ ਸੀ ਕਿ ਪੰਜਾਬੀ ਰੰਗਮੰਚ ਵਿੱਚ ਬੇਹੱਦ ਸਤਿਕਾਰਤ ਲੇਖਕ, ਨਿਰਦੇਸ਼ਕ ਤੇ ਅਦਾਕਾਰ ਡਾ. ਸਾਹਿਬ ਸਿੰਘ ਵੱਲੋਂ ਆਪਣੇ ਬਹੁ ਚਰਚਿਤ ਪੰਜਾਬੀ ਨਾਟਕ “ਸੰਮਾਂ ਵਾਲੀ ਡਾਂਗ” ਦਾ ਮੰਚਨ ਕੀਤਾ ਗਿਆ।
ਜਿਕਰਯੋਗ ਹੈ ਕਿ ਡਾ. ਸਾਹਿਬ ਸਿੰਘ ਯੂਕੇ ਦੇ ਵੱਖ- ਵੱਖ ਸ਼ਹਿਰਾਂ ਵਿੱਚ ਆਪਣੇ ਇਸ ਇੱਕ ਪਾਤਰੀ ਨਾਟਕ ਦਾ ਮੰਚਨ ਕਰਨ ਲਈ ਯੂਕੇ ਦੇ ਦੌਰੇ ‘ਤੇ ਹਨ। ਈਰਥ ਵਿਖੇ ਹੋਏ ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਪੰਜਾਬੀ ਇਹਨਾਂ ਇਤਿਹਾਸਕ ਪਲਾਂ ਦੇ ਗਵਾਹ ਬਣੇ। ਇਸ ਸਬੰਧੀ ਗੱਲਬਾਤ ਕਰਦਿਆਂ ਬਲਵੀਰ ਸਿੰਘ ਜੌਹਲ ਨੇ ਕਿਹਾ ਕਿ ਕਿਸਾਨ ਅੰਦੋਲਨ ਅਤੇ ਉਸ ਨਾਲ ਜੁੜੇ ਸਮਾਜਿਕ, ਆਰਥਿਕ ਤੇ ਸਿਆਸੀ ਸਰੋਕਾਰਾਂ ਨੂੰ ਇੱਕ ਨਾਟਕ ਰਾਹੀਂ ਚਿਤਰਨ ਕਰਨਾ ਬੇਹੱਦ ਮੁਸ਼ਕਿਲ ਕਾਰਜ ਹੈ। ਪਰ ਨਾਟਕਲਾ ਦੇ ਮਾਧਿਅਮ ਰਾਹੀਂ ਡਾ. ਸਾਹਿਬ ਸਿੰਘ ਨੇ ਸਮੁੱਚੇ ਵਿਸ਼ਵ ਨੂੰ ਦੱਸ ਦਿੱਤਾ ਹੈ ਕਿ ਨਾਟਕ ਥੋੜ੍ਹੇ ਸਮੇਂ ਵਿੱਚ ਬਹੁਤ ਵੱਡੀ ਗੱਲ ਕਹਿਣ ਦੀ ਸਮਰੱਥਾ ਰੱਖਦਾ ਹੈ।