ਲੰਡਨ(ਮੀਡੀਆ ਬਿਊਰੋ)-ਬ੍ਰਿਟੇਨ ‘ਚ ਜੀ-7 ਸ਼ਿਖਰ ਸੰਮੇਲਨ ਚੱਲ ਰਿਹਾ ਹੈ। ਇਸੇ ਦਰਮਿਆਨ ਟਰੂਡੋ ਕੈਥਡਰਲ ਕੋਰਨਵਾਲ ‘ਚ ਸਾਰਿਆਂ ਧਰਮਾਂ ਨਾਲ ਸੰਬੰਧਿਤ ਸੰਮੇਲਨ ਕਰਵਾਇਆ ਗਿਆ। ਇਸ ਸਰਬ ਧਰਮ ਸੰਮੇਲਨ ‘ਚ ਬ੍ਰਿਟੇਨ ਦੇ ਇਸਾਈ, ਸਿੱਖ, ਹਿੰਦੂ, ਮੁਸਲਿਮ ਤੇ ਹੋਰ ਧਰਮਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
ਇਸ ਸਰਬ ਧਰਮ ਸੰਮੇਲਨ ‘ਚ ਸਿੱਖ ਫੈਡਰੇਸ਼ਨ ਯੂ. ਕੇ. ਨੂੰ ਵੀ ਉਚੇਚੇ ਤੌਰ ‘ਤੇ ਸੱਦਾ ਦਿੱਤਾ ਗਿਆ ਸੀ, ਜਿਸ ਵੱਲੋਂ ਗਿਆਨੀ ਸੁਖਜੀਵਨ ਸਿੰਘ ਨੇ ਉਕਤ ਸੰਮੇਲਨ ‘ਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਮੌਜੂਦਾ ਵਿਸ਼ਵ ਸਮੱਸਿਆਵਾਂ ਨੂੰ ਸਿੱਖ ਫਲਸਫੇ ਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਹੱਲ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਗ਼ਰੀਬ ਦੇਸ਼ਾਂ ਦਾ ਕਰਜ਼ਾ ਮੁਆਫ਼ ਕਰਨ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਸਮੇਤ ਕਈ ਅਹਿਮ ਮੁੱਦਿਆਂ ਦੇ ਹੱਲ ਲਈ ਵਿਸ਼ਵ ਦੇ ਤਾਕਤਵਰ ਦੇਸ਼ਾਂ ਦੀਆਂ ਸਰਕਾਰਾਂ ਅੱਗੇ ਆ ਰਹੀਆਂ ਹਨ, ਇਨ੍ਹਾਂ ਯਤਨਾਂ ਪਿੱਛੇ ਕੋਈ ਸੁਆਰਥ ਜਾਂ ਉਨ੍ਹਾਂ ਦੇਸ਼ਾਂ ਤੋਂ ਕੋਈ ਲਾਭ ਲੈਣ ਦੀ ਮਨਸ਼ਾ ਨਹੀਂ ਹੋਣੀ ਚਾਹੀਦੀ | ਉਨ੍ਹਾਂ ਇਸ ਮੌਕੇ ਮਨੁੱਖੀ ਕਦਰਾਂ ਕੀਮਤਾਂ ਦੀ ਰਾਖੀ ਲਈ ਅਤੇ ਵਾਤਾਵਰਣ ਪ੍ਰਤੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਤੋਂ ਸਿੱਖਿਆ ਲੈਣ ਲਈ ਕਿਹਾ |