ਯੂਕੇ: ਨੌਜਵਾਨਾਂ ਨੂੰ ਕੋਰੋਨਾ ਵੈਕਸੀਨ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਡੇਟਿੰਗ ਐਪਸ ਵੱਲੋਂ ਹੋਵੇਗੀ ਆਫਰਾਂ ਦੀ ਬਰਸਾਤ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਵਿਸ਼ਵ ਭਰ ਦੇ ਦੇਸ਼ਾਂ ਵਿੱਚ ਆਪਣੇ ਨਾਗਰਿਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਸਰਕਾਰਾਂ ਦੁਆਰਾ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਯੂਕੇ ਸਰਕਾਰ ਵੱਲੋਂ ਵੀ ਖਾਸ ਕਰਕੇ 30 ਸਾਲ ਤੱਕ ਦੇ ਨੌਜਵਾਨਾਂ ਨੂੰ ਟੀਕਾਕਰਨ ਲਈ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਡੇਟਿੰਗ ਐਪਸ ਨਾਲ ਭਾਈਵਾਲੀ ਕੀਤੀ ਜਾ ਰਹੀ ਹੈ।

ਇਸ ਹਫਤੇ ਸ਼ੁਰੂ ਹੋ ਰਹੀ ਯੋਜਨਾ ਲਈ ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ (ਡੀ ਐਚ ਐਸ ਸੀ) ਨੇ  ਪ੍ਰਸਿੱਧ ਡੇਟਿੰਗ ਐਪਸ ਨਾਲ ਮਿਲ ਕੇ ਕੰਮ ਕੀਤਾ ਹੈ, ਜਿਸ ਵਿੱਚ ਟਿੰਡਰ, ਮੈਚ, ਹਿੱਜ, ਬੰਬਲ, ਬੇਡੋ, ਪਲੈਂਟੀ ਆਫ ਫਿਸ਼, ਅਵਰਟਾਈਮ ,ਮਜ਼ਮੈਚ ਆਦਿ ਦੇ ਉਪਭੋਗਤਾ ਆਪਣੀ ਕੋਰੋਨਾ ਟੀਕਾਕਰਨ ਦੀ ਸਥਿਤੀ, ਜਿਸ ਵਿੱਚ ਵਰਚੁਅਲ ਬੈਜ ਅਤੇ ਸਟਿੱਕਰ ਸ਼ਾਮਲ ਹਨ, ਨੂੰ ਸ਼ਾਮਲ ਕਰਨ ਉਪਰੰਤ ਕਈ ਤਰ੍ਹਾਂ ਦੇ ਫਾਇਦਿਆਂ ਦਾ ਅਨੰਦ ਲੈਣਗੇ। ਜ਼ਿਆਦਾਤਰ ਐਪਸ ਟੀਕੇ ਲਗਵਾ ਚੁੱਕੇ  ਲੋਕਾਂ ਨੂੰ ਪ੍ਰੀਮੀਅਮ ਸੇਵਾਵਾਂ ਮੁਫਤ ਬੋਨਸ ਦੇ ਤੌਰ ‘ਤੇ ਦੇਣਗੀਆਂ।

ਇਸਦੇ ਇਲਾਵਾ ਉਹਨਾਂ ਦੀ ਪ੍ਰੋਫਾਈਲ ਨੂੰ ਬੂਸਟ ਵੀ ਕੀਤਾ ਜਾਵੇਗਾ। ਇਹ ਸਕੀਮ ਪੂਰੀ ਤਰ੍ਹਾਂ ਸਵੈ-ਇੱਛੁਕ ਹੈ ਅਤੇ ਕਿਸੇ ਵੀ ਮੈਡੀਕਲ ਰਿਕਾਰਡ ਜਾਂ ਐੱਨ ਐੱਚ ਐੱਸ ਐਪ ਨਾਲ ਨਹੀਂ ਜੁੜੀ ਹੈ, ਅਤੇ ਇਹ ਪੂਰੀ ਤਰ੍ਹਾਂ ਭਰੋਸੇ ‘ਤੇ ਅਧਾਰਤ ਹੈ। ਇਹ ਡੇਟਿੰਗ ਸਾਈਟਾਂ ਅਤੇ ਐਪਸ ਹਰ ਉਮਰ ਦੇ ਲੋਕਾਂ ਦੀ ਪੂਰਤੀ ਕਰਦੀਆਂ ਹਨ, ਪਰ  ਮੁੱਖ ਤੌਰ ‘ਤੇ ਨੌਜਵਾਨ ਲੋਕ ਇਹਨਾਂ ਨੂੰ ਵਰਤਦੇ ਹਨ। ਅਜਿਹਾ ਹੀ ਇੱਕ ਤਰੀਕਾ ਪਿਛਲੇ ਮਹੀਨੇ ਅਮਰੀਕਾ ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਬਾਈਡੇਨ ਪ੍ਰਸ਼ਾਸਨ ਨੇ ਡੇਟਿੰਗ ਐਪਸ ਦੀ ਭਾਈਵਾਲੀ ਕੀਤੀ ਸੀ। ਯੂਕੇ ਦੇ ਮੰਤਰੀ, ਨਾਧਿਮ ਜ਼ਹਾਵੀ ਨੇ ਦੇਸ਼ ਭਰ ਵਿੱਚ ਟੀਕਿਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਡੇਟਿੰਗ ਐਪਸ ਨਾਲ ਸਾਂਝੇਦਾਰੀ ਦੇ ਕਦਮ ਦੀ ਸਲਾਹੁਤਾ ਕੀਤੀ ਹੈ।

Share This :

Leave a Reply