ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਦੁਆਰਾ ਇਸ ਹਫਤੇ ਗਰੀਬ ਦੇਸ਼ਾਂ ਲਈ 9 ਮਿਲੀਅਨ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਰਹੀਆਂ ਹਨ। ਯੂਕੇ ਦੇ ਵਿਦੇਸ਼ ਸਕੱਤਰ, ਡੋਮੀਨਿਕ ਰਾਬ ਨੇ ਬੁੱਧਵਾਰ ਨੂੰ ਘੋਸ਼ਣਾ ਕਰਦਿਆਂ ਕਿਹਾ ਕਿ ਯੂਕੇ ਵੱਲੋਂ ਮਹਾਂਮਾਰੀ ਨੂੰ ਖਤਮ ਕਰਨ ਲਈ ਘੱਟ ਆਮਦਨੀ ਵਾਲੇ ਮੁਲਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਯੂਕੇ ਵੱਲੋਂ ਕੋਵਿਡ -19 ਟੀਕਿਆਂ ਦੀ ਵਿਸ਼ਵਵਿਆਪੀ ਵੰਡ ਦੀ ਸਕੀਮ ਕੋਵੈਕਸ ਨੂੰ ਪੰਜ ਮਿਲੀਅਨ ਖੁਰਾਕਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਤੁਰੰਤ ਇੱਕ ਅਲਾਟਮੈਂਟ ਪ੍ਰਣਾਲੀ ਰਾਹੀਂ ਵੰਡਿਆ ਜਾਵੇਗਾ ਜੋ ਉਨ੍ਹਾਂ ਦੇਸ਼ਾਂ ਨੂੰ ਟੀਕੇ ਪਹੁੰਚਾਉਣ ਨੂੰ ਤਰਜੀਹ ਦਿੰਦੀ ਹੈ ਜਿਨ੍ਹਾਂ ਨੂੰ ਵੈਕਸੀਨ ਦੀ ਸਭ ਤੋਂ ਵੱਧ ਜ਼ਰੂਰਤ ਹੈ।
ਇਸ ਤੋਂ ਬਿਨਾਂ ਹੋਰ 4 ਮਿਲੀਅਨ ਖੁਰਾਕਾਂ ਸਿੱਧੇ ਤੌਰ ‘ਤੇ ਸ਼ੇਅਰ ਕੀਤੀਆਂ ਜਾਣਗੀਆਂ, ਜਿਸ ਤਹਿਤ ਇੰਡੋਨੇਸ਼ੀਆ ਨੂੰ 600,000 ਖੁਰਾਕਾਂ, ਜਮੈਕਾ ਨੂੰ 300,000 ਅਤੇ 817,000 ਆਦਿ ਖੁਰਾਕਾਂ ਕੀਨੀਆ ਨੂੰ ਵੰਡੀਆਂ ਜਾਣਗੀਆਂ। ਯੂਕੇ ਦੁਆਰਾ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਦੁਆਰਾ ਬਣਾਈ ਵੈਕਸੀਨ ਇਹਨਾਂ ਦੇਸ਼ਾਂ ਵਿੱਚ ਭੇਜੀ ਜਾਵੇਗੀ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਵੈਕਸੀਨ ਦੀਆਂ 100 ਮਿਲੀਅਨ ਖੁਰਾਕਾਂ ਦਾਨ ਕਰਨ ਦਾ ਟੀਚਾ ਮਿਥਿਆ ਹੈ ਅਤੇ ਇਹ 9 ਮਿਲੀਅਨ ਖੁਰਾਕਾਂ ਉਸਦਾ ਪਹਿਲਾ ਹਿੱਸਾ ਹਨ ਅਤੇ ਹੋਰ 30 ਮਿਲੀਅਨ ਖੁਰਾਕਾਂ ਸਾਲ ਦੇ ਅੰਤ ਤੱਕ ਦਿੱਤੀਆਂ ਜਾਣਗੀਆਂ। ਵਿਦੇਸ਼ੀ, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ (ਐਫ.ਸੀ.ਡੀ.ਓ.) ਅਨੁਸਾਰ 100 ਮਿਲੀਅਨ ਖੁਰਾਕਾਂ ਵਿਚੋਂ ਘੱਟੋ-ਘੱਟ 80 ਮਿਲੀਅਨ ਖੁਰਾਕਾਂ ਕੋਵੈਕਸ ਰਾਹੀਂ ਅਤੇ ਬਾਕੀ ਬਚੀਆਂ ਸਿੱਧੀਆਂ ਲੋੜੀਂਦੇ ਦੇਸ਼ਾਂ ਵਿੱਚ ਦਿੱਤੀਆਂ ਜਾਣਗੀਆਂ।